ਨਿਊਜ਼ ਪੰਜਾਬ
26 ਜੁਲਾਈ,2026
ਭਾਰਤੀ ਰੇਲਵੇ ਨੇ ਆਪਣੇ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਬੇਨਤੀ ‘ਤੇ ਤਬਾਦਲਾ (On-Request Transfer) ਨੀਤੀ ਵਿੱਚ ਅਹਿਮ ਸੋਧਾਂ ਕੀਤੀਆਂ ਹਨ। ਨਵੇਂ ਨਿਯਮਾਂ ਤਹਿਤ 20 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਦੂਰ-ਦੁਰਾਡੇ ਖੇਤਰਾਂ ਵਿੱਚ ਸੇਵਾ ਨਿਭਾ ਚੁੱਕੇ ਗੈਰ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਆਪਣੇ ਘਰ ਜਾਂ ਘਰੇਲੂ ਡਿਵੀਜ਼ਨ ਦੇ ਨੇੜੇ ਤਬਾਦਲੇ ਵਿੱਚ ਤਰਜੀਹ ਦਿੱਤੀ ਜਾਵੇਗੀ। ਰੇਲਵੇ ਬੋਰਡ ਨੇ ਇਸ ਸਬੰਧੀ ਸਾਰੇ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਂ ਪ੍ਰਣਾਲੀ ਅਨੁਸਾਰ ਹਰ ਮਹੀਨੇ ਤਬਾਦਲੇ ਲਈ ਯੋਗ ਕਰਮਚਾਰੀਆਂ ਦੀ ਤਰਜੀਹ ਸੂਚੀ HRMS ਪੋਰਟਲ ‘ਤੇ ਜਾਰੀ ਕੀਤੀ ਜਾਵੇਗੀ, ਜਿਸ ਨਾਲ ਪ੍ਰਕਿਰਿਆ ਹੋਰ ਪਾਰਦਰਸ਼ੀ ਅਤੇ ਤੇਜ਼ ਬਣੇਗੀ। ਇਹ ਫੈਸਲਾ ਉਨ੍ਹਾਂ ਹਜ਼ਾਰਾਂ ਕਰਮਚਾਰੀਆਂ ਲਈ ਰਾਹਤ ਭਰਿਆ ਮੰਨਿਆ ਜਾ ਰਿਹਾ ਹੈ, ਜੋ ਸਾਲਾਂ ਤੋਂ ਆਪਣੇ ਪਰਿਵਾਰ ਤੋਂ ਦੂਰ ਸੇਵਾ ਕਰ ਰਹੇ ਹਨ ਅਤੇ ਘਰੇਲੂ ਡਿਵੀਜ਼ਨ ਵਿੱਚ ਤਬਾਦਲੇ ਦੀ ਉਡੀਕ ਕਰਦੇ ਰਹੇ ਹਨ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੀਤੀ ਦਾ ਮਕਸਦ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਕਰਮਚਾਰੀਆਂ ਨੂੰ ਪਰਿਵਾਰ ਦੇ ਨੇੜੇ ਕੰਮ ਕਰਨ ਦਾ ਮੌਕਾ ਦੇਣਾ ਅਤੇ ਉਨ੍ਹਾਂ ਦੇ ਕੰਮਕਾਜੀ ਤੇ ਨਿੱਜੀ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਨਾ ਹੈ।
