ਨਿਊਜ਼ ਪੰਜਾਬ
18 ਜੁਲਾਈ,2026
ਅਮਰੀਕੀ ਜਾਂਚ ਏਜੰਸੀ FBI ਨੇ ਭਾਰਤ ਨਾਲ ਸੰਬੰਧਿਤ ਮੋਸਟ ਵਾਂਟੇਡ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਅਮਰੀਕਾ ਦੇ ਵਰਮੋਂਟ ਸੂਬੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਨਿਤੀਸ਼ ਕੌਸ਼ਲ ਨੂੰ ਪੰਜਾਬ ਦੇ ਬਦਨਾਮ ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਮੰਨਿਆ ਜਾਂਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਦਾ ਨਾਮ FBI ਦੀ “ਮੋਸਟ ਵਾਂਟੇਡ” ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਉੱਤੇ ਕਤਲ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਸਮੇਤ ਕਈ ਗੰਭੀਰ ਦੋਸ਼ ਲੱਗੇ ਹੋਏ ਹਨ। FBI ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਉਸ ਦੇ ਨਾਮ ਅੱਗੇ “Captured” ਦਾ ਟੈਗ ਵੀ ਲਗਾ ਦਿੱਤਾ ਹੈ। ਹਾਲਾਂਕਿ, ਗ੍ਰਿਫ਼ਤਾਰੀ ਦੀ ਸਹੀ ਤਾਰੀਖ ਅਤੇ ਇਸ ਕਾਰਵਾਈ ਵਿੱਚ ਸ਼ਾਮਲ ਏਜੰਸੀ ਬਾਰੇ ਅਜੇ ਤੱਕ ਕੋਈ ਵਿਸਥਾਰਪੂਰਵਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਜਾਂਚ ਏਜੰਸੀ ਦੇ ਅਨੁਸਾਰ ਨਿਤੀਸ਼ ਕੌਸ਼ਲ ਜੱਗੂ ਭਗਵਾਨਪੁਰੀਆ ਗਿਰੋਹ ਲਈ ਅਗਵਾ, ਹਿੰਸਕ ਹਮਲੇ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਰਿਹਾ ਹੈ। ਇਹ ਗਿਰੋਹ ਪੰਜਾਬ ਤੋਂ ਸ਼ੁਰੂ ਹੋ ਕੇ ਅਮਰੀਕਾ ਦੇ ਕਈ ਰਾਜਾਂ ਤੱਕ ਆਪਣਾ ਜਾਲ ਫੈਲਾ ਚੁੱਕਾ ਸੀ। 25 ਜੂਨ 2026 ਨੂੰ ਲਾਸ ਏਂਜਲਸ ਦੀ ਸੰਘੀ ਅਦਾਲਤ ਨੇ RICO ਕਾਨੂੰਨ ਤਹਿਤ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਹ ਗ੍ਰਿਫ਼ਤਾਰੀ ਅਮਰੀਕੀ ਏਜੰਸੀਆਂ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ਹਾਰਡਬਾਲ ਦੀ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ। FBI ਨੇ ਕਿਹਾ ਹੈ ਕਿ ਸੰਗਠਿਤ ਅਪਰਾਧ ਅਤੇ ਅੰਤਰਰਾਸ਼ਟਰੀ ਗੈਂਗਾਂ ਵਿਰੁੱਧ ਉਸ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਇਹ ਘਟਨਾ ਭਾਰਤ ਅਤੇ ਅਮਰੀਕਾ ਵਿਚਕਾਰ ਅਪਰਾਧ ਵਿਰੋਧੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
