ਨਿਊਜ਼ ਪੰਜਾਬ
18 ਜੁਲਾਈ,2026
ਭਾਰਤ ਨੇ ਆਪਣੇ ਪਹਿਲੇ ਪ੍ਰਾਈਵੇਟ ਆਰਬਿਟਲ ਰਾਕੇਟ ਵਿਕਰਮ-1 ਦੀ ਸਫਲ ਲਾਂਚ ਕਰਕੇ ਪੁਲਾੜ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਰਾਕੇਟ ਸਕਾਈਰੂਟ ਏਅਰੋਸਪੇਸ ਵੱਲੋਂ ਪੂਰੀ ਤਰ੍ਹਾਂ ਸਵਦੇਸ਼ੀ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ। ਲਾਂਚ ਤੋਂ ਪਹਿਲਾਂ ਕੁਝ ਸਮੇਂ ਲਈ ਇਸ ਨੂੰ ਰੋਕਿਆ ਗਿਆ ਸੀ, ਪਰ ਬਾਅਦ ਵਿੱਚ ਇਹ ਸਫਲਤਾਪੂਰਵਕ ਲਾਂਚ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਉਪਲਬਧੀ ਲਈ ਸਕਾਈਰੂਟ ਏਅਰੋਸਪੇਸ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ। ਵਿਕਰਮ-1 ਦਾ ਨਾਮ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਸਾਰਾਭਾਈ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਇਹ 24 ਮੀਟਰ ਲੰਬਾ, ਹਲਕੇ ਕਾਰਬਨ-ਕੰਪੋਜ਼ਿਟ ਢਾਂਚੇ ਨਾਲ ਬਣਿਆ ਰਾਕੇਟ ਹੈ, ਜੋ 450 ਕਿਲੋਮੀਟਰ ਦੀ ਘੱਟ-ਧਰਤੀ ਕੱਖ (LEO) ਵਿੱਚ 350 ਕਿਲੋਗ੍ਰਾਮ ਤੱਕ ਦਾ ਪੇਲੋਡ ਲਿਜਾਣ ਦੀ ਸਮਰੱਥਾ ਰੱਖਦਾ ਹੈ। ਇਸ ਵਿੱਚ ਤਿੰਨ ਠੋਸ ਪ੍ਰੋਪਲਸ਼ਨ ਪੜਾਅ ਅਤੇ ਇੱਕ ਔਰਬਿਟਲ ਐਡਜਸਟਮੈਂਟ ਮਾਡਿਊਲ ਹੈ, ਜੋ ਇੱਕੋ ਮਿਸ਼ਨ ਵਿੱਚ ਕਈ ਸੈਟੇਲਾਈਟਾਂ ਨੂੰ ਵੱਖ-ਵੱਖ ਕੱਖਾਂ ਵਿੱਚ ਸਥਾਪਿਤ ਕਰ ਸਕਦਾ ਹੈ। ਇਸ ਮਿਸ਼ਨ ਨਾਲ ਕਈ ਮਹੱਤਵਪੂਰਨ ਪੇਲੋਡ ਵੀ ਪੁਲਾੜ ਵਿੱਚ ਭੇਜੇ ਗਏ ਹਨ, ਜਿਨ੍ਹਾਂ ਵਿੱਚ ਲੈਬ ਵਿੱਚ ਤਿਆਰ ਕੀਤਾ ਗਿਆ ਡਾਇਮੰਡ ਲੋਟਸ, 18 ਕੈਰੇਟ ਸੋਨੇ ਦਾ ਇੱਕ ਛੋਟਾ ਰਾਕੇਟ ਅਤੇ ਭਾਰਤ ਦੇ ਮਹਾਨ ਵਿਗਿਆਨੀਆਂ ਸਰ ਸੀ.ਵੀ. ਰਮਨ, ਡਾ. ਵਿਕਰਮ ਸਾਰਾਭਾਈ ਅਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਦੀਆਂ ਸੂਖਮ ਮੂਰਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੱਥ-ਲਿਖਤ ਪੋਸਟਕਾਰਡ ਅਤੇ ਕਈ ਸ਼ੁਭਚਿੰਤਕਾਂ ਦੇ ਸੰਦੇਸ਼ ਵੀ ਇਸ ਮਿਸ਼ਨ ਨਾਲ ਪੁਲਾੜ ਵਿੱਚ ਭੇਜੇ ਗਏ ਹਨ। ਇਸ ਸਫਲ ਲਾਂਚ ਨਾਲ ਭਾਰਤ ਦੇ ਨਿੱਜੀ ਪੁਲਾੜ ਖੇਤਰ ਨੂੰ ਨਵੀਂ ਪਛਾਣ ਮਿਲੀ ਹੈ ਅਤੇ ਹੁਣ ਭਾਰਤੀ ਨਿੱਜੀ ਕੰਪਨੀਆਂ ਵੀ ਸੁਤੰਤਰ ਤੌਰ ‘ਤੇ ਵਪਾਰਕ ਸੈਟੇਲਾਈਟ ਲਾਂਚ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਹੋਣਗੀਆਂ। ਇਹ ਮਿਸ਼ਨ ਭਾਰਤ ਦੀ ਵਿਗਿਆਨਕ ਤਰੱਕੀ, ਨੌਜਵਾਨਾਂ ਦੀ ਪ੍ਰਤਿਭਾ ਅਤੇ ਆਤਮਨਿਰਭਰ ਭਾਰਤ ਦੀ ਸੋਚ ਦਾ ਸ਼ਾਨਦਾਰ ਪ੍ਰਤੀਕ ਹੈ।
