FBI ਜਾਂਚ ਦੇ ਦਾਅਵਿਆਂ ਮਗਰੋਂ ਪੰਜਾਬ ਪੁਲਿਸ ਦਾ ਐਕਸ਼ਨ, ਟਾਂਡਾ ਦੇ SHO ਦਾ ਤਬਾਦਲਾ; ਉੱਚ ਪੱਧਰੀ ਜਾਂਚ ਦੇ ਹੁਕਮ

ਨਿਊਜ਼ ਪੰਜਾਬ

8 ਜੁਲਾਈ,2026

ਹੁਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਅਮਰੀਕੀ ਜਾਂਚ ਏਜੰਸੀ FBI ਦੇ ਕਥਿਤ “ਆਪ੍ਰੇਸ਼ਨ ਹਾਰਡਬਾਲ” ਨਾਲ ਜੋੜੀਆਂ ਜਾ ਰਹੀਆਂ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਤੱਥਾਂ ਦੀ ਪੁਸ਼ਟੀ ਹੋਣ ਤੱਕ ਉਨ੍ਹਾਂ ਦਾ ਤਬਾਦਲਾ ਟਾਂਡਾ ਪੁਲਿਸ ਸਟੇਸ਼ਨ ਤੋਂ ਪੁਲਿਸ ਲਾਈਨਜ਼, ਹੁਸ਼ਿਆਰਪੁਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਲੰਧਰ ਰੇਂਜ ਦੇ ਡੀਆਈਜੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰਦਿਆਂ ਇਹ ਜਾਂਚ ਜਲੰਧਰ ਦਿਹਾਤੀ ਦੇ ਐਸਪੀ (ਇਨਵੈਸਟੀਗੇਸ਼ਨ) ਨੂੰ ਸੌਂਪੀ ਹੈ। ਜਾਂਚ ਅਧਿਕਾਰੀ ਨੂੰ ਸਾਰੇ ਦੋਸ਼ਾਂ ਅਤੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ, ਜਿਸ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ, ਅਮਰੀਕਾ ਵਿੱਚ FBI ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਚਲਾਈ ਗਈ ਵੱਡੀ ਕਾਰਵਾਈ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਵੀ ਬਰਾਮਦਗੀ ਹੋਈ ਹੈ।