ਸਤਲੁਜ’ ਨੂੰ OTT ਤੋਂ ਹਟਾਉਣ ‘ਤੇ ਭਖੀ ਸਿਆਸਤ, ਬਲਤੇਜ ਪੰਨੂ ਨੇ ਉਠਾਏ ਤਿੱਖੇ ਸਵਾਲ

ਨਿਊਜ਼ ਪੰਜਾਬ

6 ਜੁਲਾਈ,2026

ਆਮ ਆਦਮੀ ਪਾਰਟੀ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਰਿਲੀਜ਼ ਤੋਂ ਸਿਰਫ਼ ਦੋ ਦਿਨਾਂ ਬਾਅਦ OTT ਪਲੇਟਫਾਰਮ ਤੋਂ ਹਟਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਮਨੁੱਖੀ ਅਧਿਕਾਰਾਂ ਦੇ ਰਾਖੇ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਅਤੇ ਇਸ ਨੂੰ ਹਟਾਉਣਾ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਪੰਨੂ ਨੇ ਸਵਾਲ ਉਠਾਇਆ ਕਿ ਆਖ਼ਿਰ ਇਸ ਫ਼ਿਲਮ ਨੂੰ ਕਿਸ ਦੇ ਦਬਾਅ ਹੇਠ ਹਟਾਇਆ ਗਿਆ ਅਤੇ ਕੀ ਇਸ ਦੇ ਪਿੱਛੇ ਕਾਂਗਰਸ ਜਾਂ ਭਾਜਪਾ ਦਾ ਕੋਈ ਹੱਥ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਫ਼ਿਲਮਾਂ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹਨ।

1978 ਅਤੇ 1984 ਵਰਗੀਆਂ ਅਹਿਮ ਘਟਨਾਵਾਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦੇਣ ਲਈ ਅਜਿਹੀਆਂ ਫ਼ਿਲਮਾਂ ਦਾ ਬਣਨਾ ਅਤੇ ਲੋਕਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਵੀ ਕਈ ਵਿਵਾਦਾਂ ਤੋਂ ਬਾਅਦ ਰਿਲੀਜ਼ ਹੋਈ ਸੀ। ਪੰਨੂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਨਹੀਂ ਚਾਹੁੰਦੀਆਂ ਕਿ ਨੌਜਵਾਨ ਇਤਿਹਾਸ ਦੀ ਸੱਚਾਈ ਨਾਲ ਜਾਣੂ ਹੋਣ। ਉਨ੍ਹਾਂ ਕਿਹਾ ਕਿ ਕਿਸੇ ਵੀ ਫ਼ਿਲਮ ਨੂੰ ਬੈਨ ਕਰਕੇ ਇਤਿਹਾਸ ਨੂੰ ਨਹੀਂ ਮਿਟਾਇਆ ਜਾ ਸਕਦਾ ਅਤੇ ਨਾ ਹੀ ਲੋਕਾਂ ਦੀ ਸੋਚ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ‘ਸਤਲੁਜ’ ਨੂੰ OTT ਤੋਂ ਹਟਾਉਣ ਦੀ ਬਜਾਏ ਆਮ ਲੋਕਾਂ ਲਈ ਖੁੱਲ੍ਹੇ ਤੌਰ ‘ਤੇ ਉਪਲਬਧ ਕਰਵਾਇਆ ਜਾਣਾ ਚਾਹੀਦਾ ਸੀ, ਤਾਂ ਜੋ ਲੋਕ ਖੁਦ ਫ਼ਿਲਮ ਦੇਖ ਕੇ ਆਪਣੀ ਰਾਏ ਬਣਾ ਸਕਣ।