ਪੰਜਾਬ ‘ਚ ਮਾਨਸੂਨ ਦਾ ਜ਼ੋਰ ਬਰਕਰਾਰ, 9 ਜੁਲਾਈ ਤੱਕ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ

ਨਿਊਜ਼ ਪੰਜਾਬ

4 ਜੁਲਾਈ,2026

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਨੇ ਪੂਰੀ ਤਰ੍ਹਾਂ ਰਫ਼ਤਾਰ ਫੜ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਮੋਹਾਲੀ, ਪਟਿਆਲਾ, ਫਰੀਦਕੋਟ ਅਤੇ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਅਤੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਕਾਫ਼ੀ ਰਾਹਤ ਮਿਲੀ। ਗੁਰਦਾਸਪੁਰ ਦੇ ਬਹਿਰਾਮਪੁਰ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਧੁੱਸੀ ਬੰਨ੍ਹ ਟੁੱਟਣ ਨਾਲ ਮੁਗਲਨਿਚੱਕ ਪਿੰਡ ਦੇ ਖੇਤਾਂ ਵਿੱਚ ਪਾਣੀ ਭਰ ਗਿਆ, ਹਾਲਾਂਕਿ ਪ੍ਰਸ਼ਾਸਨ ਦੇ ਯਤਨਾਂ ਨਾਲ ਪਾਣੀ ਦੀ ਨਿਕਾਸੀ ਸ਼ੁਰੂ ਹੋ ਚੁੱਕੀ ਹੈ ਅਤੇ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ।

ਮੌਸਮ ਵਿਭਾਗ ਨੇ 9 ਜੁਲਾਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਰਾਬ ਮੌਸਮ ਦੌਰਾਨ ਖੁੱਲ੍ਹੀਆਂ ਥਾਵਾਂ, ਉੱਚੇ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ, ਪਾਣੀ ਭਰੇ ਇਲਾਕਿਆਂ ਵਿੱਚ ਸਾਵਧਾਨੀ ਨਾਲ ਵਾਹਨ ਚਲਾਉਣ ਅਤੇ ਬੇਲੋੜੀ ਯਾਤਰਾ ਤੋਂ ਗੁਰੇਜ਼ ਕਰਨ। ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਮਾਨਸੂਨ ਦੀ ਸਰਗਰਮੀ ਜਾਰੀ ਰਹੇਗੀ, ਜਿਸ ਕਾਰਨ ਕਈ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।