ਨਿਊਜ਼ ਪੰਜਾਬ
25 ਜੂਨ,2026
ਗੁਜਰਾਤ ਦੀ ਰਾਜਪਿਪਲਾ ਸੈਸ਼ਨ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਤੁਰ ਵਸਾਵਾ, ਉਨ੍ਹਾਂ ਦੀ ਪਤਨੀ ਸ਼ਕੁੰਤਲਾ ਵਸਾਵਾ ਅਤੇ ਸੱਤ ਹੋਰ ਮੁਲਜ਼ਮਾਂ ਨੂੰ ਜੰਗਲਾਤ ਅਧਿਕਾਰੀਆਂ ‘ਤੇ ਹਮਲੇ, ਜਬਰੀ ਵਸੂਲੀ ਅਤੇ ਹੋਰ ਗੰਭੀਰ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤੀ ਫ਼ੈਸਲੇ ਤੋਂ ਬਾਅਦ ਗੁਜਰਾਤ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਅਨੁਸਾਰ ਚਤੁਰ ਵਸਾਵਾ ਦੀ ਵਿਧਾਇਕੀ ਆਪਣੇ ਆਪ ਖਤਮ ਹੋ ਗਈ ਹੈ ਅਤੇ ਉਨ੍ਹਾਂ ਦੀ ਸੀਟ ਹੁਣ ਖਾਲੀ ਮੰਨੀ ਜਾਵੇਗੀ। ਇਹ ਮਾਮਲਾ ਅਕਤੂਬਰ 2023 ਵਿੱਚ ਜੰਗਲਾਤ ਅਧਿਕਾਰੀਆਂ ਨਾਲ ਕਥਿਤ ਕੁੱਟਮਾਰ, ਧਮਕੀਆਂ, ਫਿਰੌਤੀ ਅਤੇ ਹਥਿਆਰ ਦੀ ਵਰਤੋਂ ਨਾਲ ਜੁੜਿਆ ਹੋਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਇਹ ਫ਼ੈਸਲਾ ਗੁਜਰਾਤ ਦੀ ਸਿਆਸਤ ਵਿੱਚ ਇੱਕ ਵੱਡਾ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।
