ਪੰਜਾਬ ‘ਚ ਮੁੜ ਵੱਜੇਗਾ ਚੋਣਾਂ ਦਾ ਬਿਗੁਲ, 4 ਸਥਾਨਕ ਸੰਸਥਾਵਾਂ ਲਈ ਵੋਟਿੰਗ 5 ਜੁਲਾਈ ਨੂੰ

ਨਿਊਜ਼ ਪੰਜਾਬ

21 ਜੂਨ,2026

ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਰਾਜ ਚੋਣ ਕਮਿਸ਼ਨ ਨੇ ਹੁਸ਼ਿਆਰਪੁਰ ਨਗਰ ਨਿਗਮ ਸਮੇਤ ਚਾਰ ਸਥਾਨਕ ਸੰਸਥਾਵਾਂ ਲਈ ਚੋਣ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜਿਸ ਨਾਲ ਸਬੰਧਤ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਚੋਣਾਂ ਲਈ ਵੋਟਿੰਗ 5 ਜੁਲਾਈ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਈਵੀਐਮ ਰਾਹੀਂ ਕਰਵਾਈ ਜਾਵੇਗੀ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਵੋਟਿੰਗ ਮਗਰੋਂ ਸ਼ੁਰੂ ਹੋਵੇਗੀ। ਉਮੀਦਵਾਰ 22 ਤੋਂ 25 ਜੂਨ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ, ਜਦਕਿ 26 ਜੂਨ ਨੂੰ ਜਾਂਚ ਅਤੇ 27 ਜੂਨ ਤੱਕ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਵੇਗੀ। ਇਸ ਵਾਰ ਹੁਸ਼ਿਆਰਪੁਰ ਨਗਰ ਨਿਗਮ, ਗੁਰੂਹਰਸਹਾਏ ਅਤੇ ਜਲਾਲਾਬਾਦ ਨਗਰ ਪ੍ਰੀਸ਼ਦਾਂ ਅਤੇ ਮਮਦੋਟ ਨਗਰ ਪੰਚਾਇਤ ਲਈ ਚੋਣਾਂ ਹੋਣਗੀਆਂ, ਜਿਸ ਨਾਲ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।