ਨਿਊਜ਼ ਪੰਜਾਬ
8 ਜੂਨ 2026
ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਗਰਮੀ ਦੀ ਲਹਿਰ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 11 ਦਿਨਾਂ ਦੇ ਵਿਰਾਮ ਤੋਂ ਬਾਅਦ ਅੱਜ ਤੋਂ ਹੀਟ ਵੇਵ ਮੁੜ ਸਰਗਰਮ ਹੋ ਗਈ ਹੈ, ਜਿਸ ਦੇ 11 ਜੂਨ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸੂਬੇ ਵਿੱਚ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਬਠਿੰਡਾ 44.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ।
ਰਾਜਸਥਾਨ ਸਰਹੱਦ ਨਾਲ ਲੱਗਦੇ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦਾ ਵੱਧ ਅਸਰ ਰਹਿਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਲੋਕਾਂ ਨੂੰ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਹੈ।
