ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ ਦਾ ਦੇਹਾਂਤ, ਆਜ਼ਾਦੀ ਸੰਘਰਸ਼ ਦੇ ਇਤਿਹਾਸ ਨੂੰ ਸੰਭਾਲਣ ਵਾਲੀ ਮਹਾਨ ਹਸਤੀ ਰਹੇ

ਨਿਊਜ਼ ਪੰਜਾਬ

9 ਮਈ 2026

ਜੰਗ-ਏ-ਆਜ਼ਾਦੀ ਦੇ ਇਤਿਹਾਸ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਇਤਿਹਾਸਕਾਰ, ਲੇਖਕ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ ਦਾ ਅੱਜ ਪੰਚਕੂਲਾ ਦੇ ਸਾਕੇਤਰੀ ਵਿਖੇ ਦੇਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ 96ਵਾਂ ਜਨਮਦਿਨ ਮਨਾਇਆ ਸੀ।

ਪ੍ਰੋ. ਵੜੈਚ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਕ੍ਰਾਂਤੀਕਾਰੀ ਇਤਿਹਾਸ ਨੂੰ ਖੋਜਣ, ਸੰਭਾਲਣ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਸਮਰਪਿਤ ਕੀਤੀ। ਉਨ੍ਹਾਂ ਨੇ ਗੱਦਰ ਅੰਦੋਲਨ, ਸ਼ਹੀਦ ਭਗਤ ਸਿੰਘ ਅਤੇ ਹੋਰ ਕਈ ਆਜ਼ਾਦੀ ਸੈਨਾਨੀਆਂ ਉੱਤੇ ਮਹੱਤਵਪੂਰਨ ਕਿਤਾਬਾਂ ਲਿਖੀਆਂ, ਜਿਨ੍ਹਾਂ ਨੂੰ ਇਤਿਹਾਸਕ ਦਸਤਾਵੇਜ਼ਾਂ ਵਜੋਂ ਮੰਨਿਆ ਜਾਂਦਾ ਹੈ।

ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਗੁਜਰਾਂਵਾਲਾ ਦੇ ਲੱਡੇਵਾਲਾ ਵੜੈਚ ਤੋਂ ਭਾਰਤ ਆ ਵੱਸਿਆ। ਪਹਿਲਾਂ ਪਰਿਵਾਰ ਕਪੂਰਥਲਾ ਵਿੱਚ ਰਿਹਾ ਅਤੇ ਬਾਅਦ ਵਿੱਚ ਕਰਨਾਲ ਦੇ ਰਾਵੇਰ ਵਿੱਚ ਸਥਾਈ ਤੌਰ ’ਤੇ ਵਸ ਗਿਆ।

ਪ੍ਰੋ. ਵੜੈਚ ਨੇ 1960 ਤੋਂ 1989 ਤੱਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚ ਅਧਿਆਪਨ ਸੇਵਾਵਾਂ ਨਿਭਾਈਆਂ। ਉਹ ਸਿਰਫ਼ ਇੱਕ ਅਧਿਆਪਕ ਹੀ ਨਹੀਂ ਸਗੋਂ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਵੀ ਰਹੇ। ਉਹ ਨੌਜਵਾਨਾਂ ਨੂੰ ਦੇਸ਼ਭਗਤੀ, ਸਵੈ-ਅਨੁਸ਼ਾਸਨ, ਖੇਡ ਸੱਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਦੇ ਰਹੇ।

ਸਾਦਗੀ ਭਰੀ ਜ਼ਿੰਦਗੀ ਜੀਊਣ ਵਾਲੇ ਪ੍ਰੋ. ਵੜੈਚ ਸਿਹਤ ਪ੍ਰਤੀ ਵੀ ਬਹੁਤ ਜਾਗਰੂਕ ਸਨ ਅਤੇ ਨਿਯਮਤ ਤੌਰ ’ਤੇ ਸੈਰ ਅਤੇ ਖੇਡ ਗਤੀਵਿਧੀਆਂ ਨਾਲ ਜੁੜੇ ਰਹਿੰਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਇਤਿਹਾਸ ਅਤੇ ਸਿੱਖਿਆ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ।