ਨਿਊਜ਼ ਪੰਜਾਬ
9 ਮਈ 2026
ਪੰਜਾਬ ਦੇ ਕੈਬਨਿਟ ਮੰਤਰੀ Sanjeev Arora ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ, ਈਡੀ ਦੀਆਂ ਟੀਮਾਂ ਨੇ ਤੜਕੇ ਤੋਂ ਹੀ ਚੰਡੀਗੜ੍ਹ, ਦਿੱਲੀ ਅਤੇ ਗੁਰੂਗ੍ਰਾਮ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸੰਜੀਵ ਅਰੋੜਾ ਨੂੰ ਹਿਰਾਸਤ ਵਿੱਚ ਲਿਆ ਗਿਆ।
ਈਡੀ ਵੱਲੋਂ ਇਹ ਕਾਰਵਾਈ ਕਥਿਤ ਮਨੀ ਲਾਂਡਰਿੰਗ, ਫਾਰੇਕਸ ਉਲੰਘਣਾਵਾਂ, ਹਵਾਲਾ ਲੈਣ-ਦੇਣ ਅਤੇ ਸੱਟੇਬਾਜ਼ੀ ਨਾਲ ਜੁੜੇ ਫੰਡਾਂ ਦੀ ਰਾਊਂਡ-ਟ੍ਰਿਪਿੰਗ ਦੇ ਮਾਮਲੇ ਵਿੱਚ ਕੀਤੀ ਗਈ ਹੈ। ਜਾਂਚ ਦੇ ਘੇਰੇ ਵਿੱਚ ਅਰੋੜਾ ਦੀ ਕੰਪਨੀ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਵੀ ਆ ਗਈ ਹੈ।
ਈਡੀ ਦੇ ਮੁਤਾਬਕ ਕੰਪਨੀ ’ਤੇ ਜਾਅਲੀ ਨਿਰਯਾਤ ਬਿੱਲ ਤਿਆਰ ਕਰਨ, ਅੰਦਰੂਨੀ ਵਪਾਰ ਅਤੇ ਗੈਰ-ਕਾਨੂੰਨੀ ਜ਼ਮੀਨੀ ਵਰਤੋਂ ਬਦਲਾਅ ਦੇ ਦੋਸ਼ ਹਨ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਯੂਏਈ ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਧਨ ਲਿਆਂਦਾ ਗਿਆ ਅਤੇ ਜਾਅਲੀ ਜੀਐਸਟੀ ਕੰਪਨੀਆਂ ਰਾਹੀਂ ਲੈਣ-ਦੇਣ ਕਰਕੇ ਇਸ ਪੈਸੇ ਨੂੰ ਜਾਇਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਅਨੁਸਾਰ, ਈਡੀ ਨੇ ਦਿੱਲੀ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਪੰਜ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਥਿਤ ਤੌਰ ’ਤੇ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਜਾਅਲੀ ਜੀਐਸਟੀ ਖਰੀਦਦਾਰੀ ਦਿਖਾ ਕੇ ਦੁਬਈ ਤੋਂ ਭਾਰਤ ਨਿਰਯਾਤ ਕੀਤਾ ਗਿਆ।
ਈਡੀ ਦਾ ਦਾਅਵਾ ਹੈ ਕਿ ਦਿੱਲੀ ਦੀਆਂ ਕਈ ਗੈਰ-ਮੌਜੂਦ ਫਰਮਾਂ ਤੋਂ ਜਾਅਲੀ ਜੀਐਸਟੀ ਇਨਵੌਇਸ ਹਾਸਲ ਕੀਤੇ ਗਏ, ਜਿਨ੍ਹਾਂ ਦੀ ਵਰਤੋਂ ਇਨਪੁਟ ਟੈਕਸ ਕ੍ਰੈਡਿਟ (ITC) ਅਤੇ ਜੀਐਸਟੀ ਰਿਫੰਡ ਲੈਣ ਲਈ ਕੀਤੀ ਗਈ। ਏਜੰਸੀ ਅਨੁਸਾਰ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਿਆ ਅਤੇ ਗੈਰ-ਕਾਨੂੰਨੀ ਧਨ ਨੂੰ ਰੀਅਲ ਅਸਟੇਟ ਅਤੇ ਨਿਵੇਸ਼ਾਂ ਰਾਹੀਂ ਕਾਨੂੰਨੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।
