ਨਿਊਜ਼ ਪੰਜਾਬ
4 ਮਈ 2026
4 ਮਈ 1705 ਨੂੰ ਸਿੱਖ ਇਤਿਹਾਸ ਵਿੱਚ ਉਹ ਦਿਨ ਦਰਜ ਹੈ, ਜਿਸਨੂੰ ਹਰ ਪੀੜ੍ਹੀ ਯਾਦ ਰੱਖਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਖਿਦਰਾਣੇ ਦੀ ਢਾਬ (ਅੱਜ ਦਾ ਸ਼੍ਰੀ ਮੁਕਤਸਰ ਸਾਹਿਬ) ਵਿੱਚ ਲੜੀ ਗਈ ਇਸ ਮਹਾਨ ਜੰਗ ਵਿੱਚ 40 ਸਿੰਘਾਂ ਨੇ ਬੇਮਿਸਾਲ ਬਹਾਦਰੀ ਦਿਖਾਈ ਅਤੇ ਸ਼ਹੀਦ ਹੋ ਕੇ “ਮੁਕਤੇ” ਦਾ ਦਰਜਾ ਪ੍ਰਾਪਤ ਕੀਤਾ।
ਇਹ ਉਹੀ ਸਿੰਘ ਸਨ ਜਿਨ੍ਹਾਂ ਨੇ ਔਖੇ ਸਮੇਂ ਵਿੱਚ ਗੁਰੂ ਸਾਹਿਬ ਤੋਂ ਬੇਦਾਵਾ ਲਿਖ ਦਿੱਤਾ ਸੀ, ਪਰ ਬਾਅਦ ਵਿੱਚ ਆਪਣੀ ਗਲਤੀ ਨੂੰ ਸਮਝਦੇ ਹੋਏ ਵਾਪਸ ਆ ਕੇ ਮਾਈ ਭਾਗੋ ਦੀ ਅਗਵਾਈ ਹੇਠ ਜੰਗ ਵਿੱਚ ਸ਼ਾਮਲ ਹੋਏ। ਖਿਦਰਾਣੇ ਦੀ ਢਾਬ ‘ਤੇ ਉਨ੍ਹਾਂ ਨੇ ਮੁਗਲ ਫੌਜ ਦਾ ਡੱਟ ਕੇ ਸਾਹਮਣਾ ਕੀਤਾ ।ਜੰਗ ਦੇ ਅੰਤ ‘ਚ ਜਦੋਂ ਇਹ ਸਿੰਘ ਸ਼ਹੀਦ ਹੋਏ, ਤਾਂ ਗੁਰੂ ਸਾਹਿਬ ਖੁਦ ਮੈਦਾਨ ਵਿੱਚ ਪਹੁੰਚੇ। ਭਾਈ ਮਹਾਂ ਸਿੰਘ ਦੀ ਬੇਨਤੀ ‘ਤੇ ਗੁਰੂ ਜੀ ਨੇ ਬੇਦਾਵੇ ਵਾਲੀ ਚਿੱਠੀ ਫਾੜ ਕੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਅਤੇ “ਮੁਕਤੇ” ਹੋਣ ਦਾ ਵਰ ਦਿੱਤਾ। ਇਸ ਮਹਾਨ ਘਟਨਾ ਕਾਰਨ ਹੀ ਇਸ ਧਰਤੀ ਦਾ ਨਾਮ “ਮੁਕਤਸਰ” ਪਿਆ, ਜੋ ਅੱਜ ਵੀ ਸਿੱਖ ਇਤਿਹਾਸ ਦੀ ਸ਼ਾਨ ਹੈ।
ਚਾਲੀ ਮੁਕਤਿਆਂ ਦੀ ਇਹ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਗਲਤੀ ਹੋਣ ਤੋਂ ਬਾਅਦ ਵੀ ਸੱਚਾਈ ਅਤੇ ਹਿੰਮਤ ਨਾਲ ਵਾਪਸ ਮੁੜ ਕੇ ਇਤਿਹਾਸ ਰਚਿਆ ਜਾ ਸਕਦਾ ਹੈ। ਇਹ ਸਿਰਫ਼ ਜੰਗ ਨਹੀਂ ਸੀ, ਸਗੋਂ ਵਿਸ਼ਵਾਸ, ਬਲਿਦਾਨ ਅਤੇ ਗੁਰੂ ਪ੍ਰਤੀ ਅਟੱਲ ਭਗਤੀ ਦੀ ਮਿਸਾਲ ਸੀ।
