ਕੋਸ਼ਿਸ਼” ਨੇ ਮਹਾਨਗਰ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਲੋਕਾਂ ਨੂੰ ਕੀਤਾ ਜਾਗਰੁਕ

ਨਿਊਜ਼ ਪੰਜਾਬ

ਲੁਧਿਆਣਾ, 2 ਮਈ 2026

ਬੀਤੇ ਦਿਨ ਮਹਾਂਨਗਰ ਲੁਧਿਆਣਾ ਵਿਖੇ ਸਮਾਜ ਸੇਵੀ ਸੰਸਥਾ “ਕੋਸ਼ਿਸ਼” ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਇੱਕ ਵਿਲੱਖਣ ਉਪਰਾਲਾ ਕੀਤਾ ਗਿਆ, ਜਿਸ ਤਹਿਤ ਸ਼ਹਿਰ ਦੇ ਭਾਈ ਬਾਲਾ ਚੌਂਕ ਸਮੇਤ ਵੱਖ-ਵੱਖ ਲਾਈਟਾਂ ਤੇ ਵਾਹਨ ਲੈ ਕੇ ਖੜੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸੰਸਥਾ ਦੇ ਪ੍ਰਧਾਨ ਭਾਈ ਹਰਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦਾ ਵਾਤਾਵਰਨ ਦਿਨੋ ਦਿਨ ਦੂਸ਼ਿਤ ਹੋ ਰਿਹਾ ਹੈ ਅਤੇ ਤਾਪਮਾਨ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ ਕਿ ਲਾਈਟਾਂ ਤੇ ਖੜ੍ਹੀਆਂ ਮੋਟਰ ਗੱਡੀਆਂ ਦੇ ਚੱਲ ਰਹੇ ਇੰਜਣ, 15% ਪ੍ਰਦੂਸ਼ਣ ਪੈਦਾ ਕਰਦੇ ਹਨ, ਜਿਸ ਨੂੰ ਲੋਕ ਆਪਣੇ ਪੱਧਰ ਤੇ ਗੱਡੀ ਬੰਦ ਕਰਕੇ ਘਟਾ ਸਕਦੇ ਹਨ। ਦੋ ਪਹੀਆ ਵਾਹਨ ਚਾਲਕਾਂ ਲਈ ਇਹਨਾਂ ਗੱਡੀਆਂ ਕੋਲ ਖੜ੍ਹਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਹਰ ਸਾਲ ਹਜਾਰਾਂ ਲੋਕ ਪ੍ਰਦੂਸ਼ਣ ਕਾਰਨ ਬੀਮਾਰ ਹੋ ਜਾਂਦੇ ਹਨ, ਜਿਸ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ਉਹਨਾਂ ਆਪਣੇ ਸਾਥੀਆਂ ਸਮੇਤ ਚੌਂਕਾਂ ਵਿੱਚ ਖੜ੍ਹ ਕੇ ਲੋਕਾਂ ਨੂੰ ਸੁਚੇਤ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਵੱਖ-ਵੱਖ ਤਰਾਂ ਦੇ ਉਪਰਾਲੇ ਕਰਨ ਦਾ ਵੀ ਨਿਸ਼ਚਾ ਦੁਹਰਾਇਆ। ਇਸ ਮੌਕੇ ਉਹਨਾਂ ਨਾਲ਼ ਗੁਰਦੀਪ ਸਿੰਘ, ਪਰਮਿੰਦਰ ਸਿੰਘ, ਗੁਰਸਾਹਿਬ ਸਿੰਘ, ਸਮਾਜ-ਸੇਵੀ ਅਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਖਾਲਸਾ, ਰਮਨਦੀਪ ਸਿੰਘ, ਤੁਸ਼ਾਰਦੀਪ ਸਿੰਘ ਖਾਲਸਾ ਅਤੇ ਸੰਜਮ ਸਿੰਘ ਹਾਜ਼ਰ ਸਨ।