ਨਿਊਜ਼ ਪੰਜਾਬ
2 ਅਪ੍ਰੈਲ 2026
ਵਾਤਾਵਰਣ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਵਿੱਚ ਰੁੱਖਾਂ ਦੀ ਕਟਾਈ ’ਤੇ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਹ ਹੁਕਮ ਜ਼ੀਰਕਪੁਰ-ਪੰਚਕੂਲਾ ਬਾਈਪਾਸ ਪ੍ਰੋਜੈਕਟ ਲਈ ਹਜ਼ਾਰਾਂ ਰੁੱਖਾਂ ਦੀ ਕਟਾਈ ਦੇ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਜਾਰੀ ਕੀਤਾ ਗਿਆ। ਅਦਾਲਤ ਨੇ ਸਪੱਸ਼ਟ ਕੀਤਾ ਕਿ ਬਿਨਾਂ ਅਦਾਲਤੀ ਮਨਜ਼ੂਰੀ ਦੇ ਕੋਈ ਵੀ ਰੁੱਖ ਨਹੀਂ ਕੱਟਿਆ ਜਾ ਸਕੇਗਾ, ਜਿਸ ਨਾਲ ਕਈ ਵਿਕਾਸੀ ਪ੍ਰੋਜੈਕਟ ਅਸਥਾਈ ਤੌਰ ’ਤੇ ਰੁਕ ਗਏ ਹਨ। ਪਟੀਸ਼ਨਕਰਤਾਵਾਂ ਨੇ ਦਲੀਲ ਦਿੱਤੀ ਕਿ ਇਹ ਰੁੱਖ ਟ੍ਰਾਈਸਿਟੀ ਖੇਤਰ ਲਈ “ਫੇਫੜਿਆਂ” ਵਾਂਗ ਕੰਮ ਕਰਦੇ ਹਨ ਅਤੇ ਇਨ੍ਹਾਂ ਦੀ ਕਟਾਈ ਨਾਲ ਹਵਾ ਪ੍ਰਦੂਸ਼ਣ ਅਤੇ ਵਾਤਾਵਰਣ ਸੰਤੁਲਨ ’ਤੇ ਗੰਭੀਰ ਅਸਰ ਪੈ ਸਕਦਾ ਹੈ। ਅਦਾਲਤ ਨੇ ਹਰਿਆਣਾ ਸਰਕਾਰ ਅਤੇ ਜੰਗਲਾਤ ਵਿਭਾਗ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਰਾਜ ਵਿੱਚ ਘੱਟ ਰਹਿ ਗਿਆ ਜੰਗਲਾਤ ਰਕਬਾ ਹੋਰ ਘਟਾਉਣਾ ਖ਼ਤਰਨਾਕ ਹੈ ਅਤੇ ਵਿਕਾਸ ਅਤੇ ਕੁਦਰਤ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਲੋੜ ਹੈ।
