ਨਿਊਜ਼ ਪੰਜਾਬ
30 ਮਾਰਚ 2026
ਅਜਨਾਲਾ ਦੇ ਸਰਹੱਦੀ ਕਸਬੇ ਭਿੰਡੀ ਸੈਦਾ ਦੇ ਪੁਲਿਸ ਥਾਣੇ ਅੰਦਰ ਬੀਤੀ ਰਾਤ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕਿਆਂ ਦੀ ਖ਼ਬਰ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਥਾਣੇ ਦੇ ਗੇਟ ਬੰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਜਦਕਿ ਕਿਸੇ ਅਧਿਕਾਰੀ ਵੱਲੋਂ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ।
ਸੂਤਰਾਂ ਅਨੁਸਾਰ ਇਹ ਧਮਾਕਾ ਥਾਣੇ ਦੇ ਪਿੱਛਲੇ ਖੁੱਲ੍ਹੇ ਅਹਾਤੇ ਵਿੱਚ ਖੇਤਾਂ ਵੱਲੋਂ ਹੋਇਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪਿੱਛਲੇ ਗੇਟ ਨੇੜੇ ਹੈਂਡ ਗ੍ਰਨੇਡ ਸੁੱਟੇ ਗਏ, ਜਿਸ ਨਾਲ ਜ਼ਬਰਦਸਤ ਧਮਾਕੇ ਹੋਏ। ਘਟਨਾ ਤੋਂ ਬਾਅਦ ਮੌਕੇ ’ਤੇ ਪਏ ਟੋਏ ਮਿੱਟੀ ਨਾਲ ਭਰ ਦਿੱਤੇ ਗਏ ਅਤੇ ਥਾਣੇ ਅੰਦਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਮਾਮਲੇ ’ਤੇ ਪੜਦਾ ਪਾਉਣ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ।
