ਮੋਗਾ DC–SDM ਵਿਵਾਦ: ਹਾਈਕੋਰਟ ਦਾ ਵੱਡਾ ਹੁਕਮ, ਬਾਘਾਪੁਰਾਣਾ ‘ਚ 28 ਮਾਰਚ ਨੂੰ ਮੁੜ ਚੋਣ

ਨਿਊਜ਼ ਪੰਜਾਬ

24 ਮਾਰਚ 2026

ਮੋਗਾ ਵਿੱਚ ਡੀਸੀ ਅਤੇ ਐਸਡੀਐਮ ਦਰਮਿਆਨ ਚੱਲ ਰਹੇ ਵਿਵਾਦ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਬਾਘਾਪੁਰਾਣਾ ਵਿੱਚ ਪੰਚਾਇਤ ਸੰਮਤੀ ਦੀ ਚੋਣ ਮੁੜ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਦਾਲਤ ਨੇ 28 ਮਾਰਚ ਨੂੰ ਚੋਣ ਕਰਵਾਉਣ ਲਈ ਕਿਹਾ ਹੈ ਅਤੇ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਵਕੀਲ ਜਪਜੀਤ ਕੌਰ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਨਾਲ ਹੀ ਚੋਣ ਦੀ ਪੂਰੀ ਵੀਡੀਓਗ੍ਰਾਫੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਹ ਚੋਣ ਡੀਸੀ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ।

ਸੁਣਵਾਈ ਦੌਰਾਨ ਐਸਡੀਐਮ ਭਵਨਦੀਪ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਅਦਾਲਤ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਦਾ ਪੱਤਰ ਲੀਕ ਕਿਵੇਂ ਹੋਇਆ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਚੀਫ ਸੈਕ੍ਰੇਟਰੀ ਕੋਲ ਲਿਜਾਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਕਾਨੂੰਨ-ਵਿਵਸਥਾ ਦੀ ਖਰਾਬ ਸਥਿਤੀ ਕਾਰਨ ਰੋਕ ਦਿੱਤੀਆਂ ਗਈਆਂ ਸਨ। ਐਸਡੀਐਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਡੀਸੀ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ, ਪਰ ਬਾਅਦ ਵਿੱਚ ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ।