ਨਿਊਜ਼ ਪੰਜਾਬ
24 ਮਾਰਚ 2026
ਅਗਲੇ ਮਹੀਨੇ ਤੋਂ ਬੈਂਕਿੰਗ ਸਿਸਟਮ ਵਿੱਚ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਸਦਾ ਸਿੱਧਾ ਅਸਰ ATM ਉਪਭੋਗਤਾਵਾਂ ‘ਤੇ ਪਵੇਗਾ। 1 ਅਪ੍ਰੈਲ 2026 ਤੋਂ HDFC ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੰਧਨ ਬੈਂਕ ਸਮੇਤ ਕਈ ਬੈਂਕਾਂ ਨੇ ATM ਨਕਦ ਕਢਵਾਉਣ ਦੀਆਂ ਸੀਮਾਵਾਂ ਅਤੇ ਟ੍ਰਾਂਜ਼ੈਕਸ਼ਨ ਫੀਸ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ।
HDFC ਬੈਂਕ ਦੇ ਨਵੇਂ ਨਿਯਮਾਂ ਅਨੁਸਾਰ ਹੁਣ UPI-ਅਧਾਰਿਤ ATM ਕੈਸ਼ ਵਿਡਰਾਲ ਵੀ ਮੁਫ਼ਤ ਲੈਣ-ਦੇਣ ਦੀ ਸੀਮਾ ਵਿੱਚ ਗਿਣਿਆ ਜਾਵੇਗਾ। ਮੈਟਰੋ ਸ਼ਹਿਰਾਂ ਵਿੱਚ 3 ਅਤੇ ਗੈਰ-ਮੈਟਰੋ ਵਿੱਚ 5 ਮੁਫ਼ਤ ਲੈਣ-ਦੇਣ ਤੋਂ ਬਾਅਦ ਹਰ ਵਾਧੂ ਟ੍ਰਾਂਜ਼ੈਕਸ਼ਨ ‘ਤੇ ₹23 + ਟੈਕਸ ਚਾਰਜ ਲੱਗੇਗਾ।
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਕੁਝ ਡੈਬਿਟ ਕਾਰਡਾਂ ‘ਤੇ ਰੋਜ਼ਾਨਾ ਕੈਸ਼ ਕਢਵਾਉਣ ਦੀ ਸੀਮਾ ਘਟਾ ਦਿੱਤੀ ਹੈ। ਹੁਣ ਆਮ ਕਾਰਡਾਂ ਲਈ ਸੀਮਾ ₹1 ਲੱਖ ਤੋਂ ਘਟਾ ਕੇ ₹50,000 ਕਰ ਦਿੱਤੀ ਗਈ ਹੈ, ਜਦਕਿ ਪ੍ਰੀਮੀਅਮ ਕਾਰਡਾਂ ਲਈ ₹1.5 ਲੱਖ ਤੋਂ ਘਟਾ ਕੇ ₹75,000 ਕਰ ਦਿੱਤੀ ਗਈ ਹੈ।
ਬੰਧਨ ਬੈਂਕ ਨੇ ਵੀ ATM ਨਿਯਮਾਂ ਵਿੱਚ ਬਦਲਾਅ ਕਰਦਿਆਂ ਆਪਣੇ ਗਾਹਕਾਂ ਲਈ ਮੁਫ਼ਤ ਲੈਣ-ਦੇਣ ਦੀ ਸੀਮਾ ਘਟਾ ਦਿੱਤੀ ਹੈ। ਹੁਣ ਆਪਣੇ ATM ‘ਤੇ ਮਹੀਨੇ ਵਿੱਚ 5 ਅਤੇ ਹੋਰ ਬੈਂਕਾਂ ਦੇ ATM ‘ਤੇ 3 ਮੁਫ਼ਤ ਲੈਣ-ਦੇਣ ਹੀ ਕੀਤੇ ਜਾ ਸਕਣਗੇ। ਇਸ ਤੋਂ ਬਾਅਦ ਹਰ ਵਾਧੂ ਲੈਣ-ਦੇਣ ‘ਤੇ ₹23 ਦਾ ਚਾਰਜ ਲੱਗੇਗਾ।
ਇਸ ਲਈ ਗਾਹਕਾਂ ਲਈ ਜ਼ਰੂਰੀ ਹੈ ਕਿ ਉਹ ਨਵੇਂ ਨਿਯਮਾਂ ਨੂੰ ਸਮਝ ਕੇ ਆਪਣੀਆਂ ਬੈਂਕਿੰਗ ਆਦਤਾਂ ਵਿੱਚ ਬਦਲਾਅ ਕਰਨ, ਤਾਂ ਜੋ ਵਾਧੂ ਚਾਰਜ ਤੋਂ ਬਚਿਆ ਜਾ ਸਕੇ।
