ਨਿਊਜ਼ ਪੰਜਾਬ
23 ਮਾਰਚ 2026
ਅੰਮ੍ਰਿਤਸਰ ਦੇ ਵੇਅਰਹਾਊਸ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦਾ ਮਾਮਲਾ ਲਗਾਤਾਰ ਗੰਭੀਰ ਬਣਦਾ ਜਾ ਰਿਹਾ ਹੈ, ਜਿੱਥੇ ਤੀਜੇ ਦਿਨ ਵੀ ਉਨ੍ਹਾਂ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਅਤੇ ਲਾਸ਼ ਹਸਪਤਾਲ ਵਿੱਚ ਰੱਖੀ ਹੋਈ ਹੈ।
ਇਸ ਦਰਮਿਆਨ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਉਹ ਘਟਨਾ ਤੋਂ ਪਹਿਲਾਂ ਆਪਣੇ ਘਰ ਦੇ ਬਾਹਰ ਟਹਿਲਦੇ ਅਤੇ ਫਿਰ ਕੁਝ ਖਾਂਦੇ ਹੋਏ ਨਜ਼ਰ ਆ ਰਹੇ ਹਨ। ਨਾਲ ਹੀ ਇੱਕ ਵੀਡੀਓ ਵਿੱਚ ਰੰਧਾਵਾ ਨੇ ਖੁਦ ਕਿਹਾ ਕਿ ਉਨ੍ਹਾਂ ਨੇ ਸਲਫਾਸ ਖਾ ਲਿਆ ਹੈ ਅਤੇ ਇਹ ਕਦਮ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡਰ ਕਾਰਨ ਚੁੱਕਿਆ।
ਡੀਐਮ ਦੀ ਖੁਦਕੁਸ਼ੀ ਤੋਂ ਬਾਅਦ ਸ਼ਨੀਵਾਰ ਅੱਧੀ ਰਾਤ ਨੂੰ ਸਾਬਕਾ ‘ਆਪ’ ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਭੁੱਲਰ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਦਿਲਬਾਗ ਸਿੰਘ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਰੰਧਾਵਾ ਦੀ ਪਤਨੀ ਉਪਿੰਦਰ ਕੌਰ ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ‘ਤੇ ਅੜੀ ਹੈ।
ਉਨ੍ਹਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੁਲਿਸ ਭੁੱਲਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਵੇ ਨਹੀਂ ਤਾਂ ਉਹ ਆਪਣੇ ਬੱਚਿਆਂ ਨੂੰ ਲੈਕੇ ਸੜਕ ‘ਤੇ ਬੈਠੇਗੀ। ਇਸ ਦੌਰਾਨ ਡੀਐਮ ਦੀ ਮਾਂ ਨੇ ਕਿਹਾ, “ਮੇਰੇ ਪੁੱਤ ਨੂੰ ਖਾ ਗਏ।”ਅੰਮ੍ਰਿਤਸਰ ਪੁਲਿਸ ਦੇ ਸੂਤਰਾਂ ਅਨੁਸਾਰ ਪਰਿਵਾਰ ਨੂੰ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਗ੍ਰਿਫ਼ਤਾਰੀ ਬਾਰੇ ਫੈਸਲਾ ਲਿਆ ਜਾਵੇਗਾ।
