ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ ਮਹਿਤਾਬ ਸਿੰਘ ਖਹਿਰਾ, ਜਵਾਬ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ

ਨਿਊਜ਼ ਪੰਜਾਬ

12 ਮਾਰਚ, 2026

ਵਿਧਾਇਕ ਸੁਖਪਾਲ ਸਿੰਘ ਜੀ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਅਤੇ ਐਡਵੋਕੇਟ ਕੰਵਰ ਸਿੱਧੂ ਅੱਜ ਸਵੇਰੇ ਲਗਭਗ 11:10 ਵਜੇ ਮੋਹਾਲੀ ਵਿੱਚ Punjab State Women Commission ਸਾਹਮਣੇ ਪੇਸ਼ ਹੋਏ।

ਮਹਿਲਾ ਕਮਿਸ਼ਨ ਦੇ ਦਫ਼ਤਰ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮਹਿਲਾ ਕਮਿਸ਼ਨ ਕੋਲ ਜਵਾਬ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਦਲੀਲ ਦਿੱਤੀ ਕਿ ਐਸ.ਐਸ.ਪੀ. ਕਪੂਰਥਲਾ ਨੂੰ ਨੋਟਿਸ ਭੇਜ ਕੇ ਵਿਧਾਇਕ ਖਹਿਰਾ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ, ਜਦਕਿ ਵਿਧਾਇਕ ਖਹਿਰਾ ਨੂੰ ਸਿੱਧਾ ਕੋਈ ਨੋਟਿਸ ਨਹੀਂ ਭੇਜਿਆ ਗਿਆ।

ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਜਾਰੀ ਨੋਟਿਸ ਨੂੰ ਪੜ੍ਹ ਕੇ ਅੱਜ ਆਪਣਾ ਪੱਖ ਰੱਖਣ ਲਈ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਹਨ। ਇਸ ਦੌਰਾਨ ਉਨ੍ਹਾਂ ਮਹਿਲਾ ਰਾਜ ਕਮਿਸ਼ਨ ਤੋਂ ਐਸ.ਐਸ.ਪੀ. ਕਪੂਰਥਲਾ ਦੀ ਸਟੇਟਸ ਰਿਪੋਰਟ ਦੀ ਕਾਪੀ ਵੀ ਮੰਗੀ ਹੈ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਇਕ ਹਫ਼ਤੇ ਦਾ ਸਮਾਂ ਦੇ ਦਿੱਤਾ ਗਿਆ ਹੈ।

ਇਸ ਮੌਕੇ ਐਡਵੋਕੇਟ ਮਹਿਤਾਬ ਸਿੰਘ ਖਹਿਰਾ, ਪੰਜਾਬ ਕਿਸਾਨ ਕਾਂਗਰਸ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਅਤੇ ਪੰਜਾਬ ਕਿਸਾਨ ਸੈੱਲ ਦੀ ਜਨਰਲ ਸਕੱਤਰ ਸੋਨੀਆ ਜੈਸਵਾਲ ਨੇ ਦੱਸਿਆ ਕਿ ਅੱਜ ਇੱਕ ਹੋਰ ਮਾਮਲੇ ਵਿੱਚ ਉਨ੍ਹਾਂ ਵੱਲੋਂ ਭਗਵੰਤ ਮਾਨ ਖ਼ਿਲਾਫ਼ ਵੀ ਰਾਜ ਮਹਿਲਾ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਮਾਗਮ ਦੌਰਾਨ ਆਪਣੇ ਕਾਲਜ ਜੀਵਨ ਦੀ ਗੱਲ ਕਰਦਿਆਂ ਮਹਿਲਾਵਾਂ ਸੰਬੰਧੀ ਅਪਸ਼ਬਦ ਵਰਤੇ ਸਨ। ਇਸ ਸਬੰਧੀ ਉਨ੍ਹਾਂ ਨੇ ਮਹਿਲਾ ਕਮਿਸ਼ਨ ਕੋਲ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਇਸ ਮਾਮਲੇ ਵਿੱਚ ਜਲਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰੇਗਾ।