ਨਿਊਜ਼ ਪੰਜਾਬ
3 ਮਾਰਚ 2026
ਲੁਧਿਆਣਾ ਦੇ ਸਾਊਥ ਸਿਟੀ ਰੋਡ ’ਤੇ ਸਥਿਤ Le Antres, Sartaj Sweets, Numi, HDFC ਬੈਂਕ ਸਮੇਤ ਕੁੱਲ 47 ਵਪਾਰਕ ਬਿਲਡਿੰਗਾਂ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (Greater Ludhiana Area Development Authority) ਵੱਲੋਂ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਮਾਨਯੋਗ Punjab and Haryana High Court ਵਿੱਚ ਦਰਜ ਸਿਵਲ ਰਿਟ ਪਟੀਸ਼ਨ (ਪੀ.ਆਈ.ਐਲ.) ਨੰਬਰ 85 ਆਫ਼ 2024 ਦੇ ਸੰਦਰਭ ਵਿੱਚ ਕੀਤੀ ਜਾ ਰਹੀ ਹੈ। ਪਟੀਸ਼ਨ ਵਿੱਚ ਨੈਸ਼ਨਲ ਹਾਈਵੇ (ਐਨ.ਐਚ.-95ਏ) ਬਰੇਵਾਲ ਤੋਂ ਆਯਾਲੀ, ਲੁਧਿਆਣਾ ਤੱਕ ਦੇ ਖੇਤਰ ਵਿੱਚ ਹੋ ਰਹੀਆਂ ਗੈਰਕਾਨੂੰਨੀ ਉਸਾਰੀਆਂ ਨੂੰ ਰੋਕਣ ਅਤੇ ਹਟਾਉਣ ਦੀ ਮੰਗ ਕੀਤੀ ਗਈ ਸੀ।
ਜਾਂਚ ਦੌਰਾਨ ਫਿਰੋਜ਼ਪੁਰ ਰੋਡ (ਐਨ.ਐਚ.-95ਏ) ਤੋਂ ਲਾਧੋਵਾਲ (ਐਨ.ਐਚ.-44) ਤੱਕ ਸਾਊਥ ਸਿਟੀ ਨੇੜੇ ਨਹਿਰ ਦੇ ਦੋਹਾਂ ਪਾਸਿਆਂ ਬਣੀਆਂ ਅਣ-ਅਧਿਕਾਰਤ ਵਪਾਰਕ ਉਸਾਰੀਆਂ ਦੀ ਪਛਾਣ ਕੀਤੀ ਗਈ। ਗਲਾਡਾ ਨੇ ਸਪੱਸ਼ਟ ਕੀਤਾ ਹੈ ਕਿ ਜੇ ਮਾਲਕਾਂ ਵੱਲੋਂ ਨਿਰਧਾਰਿਤ ਸਮੇਂ ਅੰਦਰ ਬਿਲਡਿੰਗਾਂ ਨੂੰ ਬੰਦ ਜਾਂ ਹਟਾਇਆ ਨਾ ਗਿਆ ਤਾਂ ਅਥਾਰਟੀ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
