ਨਿਊਜ਼ ਪੰਜਾਬ
1 ਮਾਰਚ 2026
ਜਲੰਧਰ ਦੇ ਇਕ ਹਸਪਤਾਲ ਵਿਚ ਹੋਈ ਤਾਬੜਤੋੜ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਕਮਿਸ਼ਨਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਇਸ ਘਟਨਾ ਨੂੰ ਪੁਲਿਸ ਦੀ ਲਾਪਰਵਾਹੀ ਮੰਨਦੇ ਹੋਏ ACP ਪਰਮਿੰਦਰ ਸਿੰਘ ਅਤੇ SHO ਰਵਿੰਦਰ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 9 ਵਜੇ ਇਕ ਨੌਜਵਾਨ ਬਾਈਕ ‘ਤੇ ਹਸਪਤਾਲ ਦੇ ਬਾਹਰ ਆਇਆ ਅਤੇ ਕੇਵਲ 3 ਸੈਕੰਡਾਂ ਵਿਚ 4 ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਦੌਰਾਨ ਉਸ ਨੇ ਹੈਲਮੇਟ ਪਹਿਨਿਆ ਹੋਇਆ ਸੀ ਅਤੇ ਫਾਇਰਿੰਗ ਮਗਰੋਂ ਬਾਈਕ ‘ਤੇ ਹੀ ਫਰਾਰ ਹੋ ਗਿਆ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਹਮਲਾਵਰ ਸਾਫ਼ ਦਿਖਾਈ ਦੇ ਰਿਹਾ ਹੈ ਪਰ ਹੈਲਮੇਟ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਟੈਕਨੀਕਲ ਟੀਮਾਂ ਨੂੰ ਮੁਲਜ਼ਮ ਦੀ ਪਛਾਣ ਲਈ ਲਗਾ ਦਿੱਤਾ ਹੈ।
ਪੁਲਿਸ ਮੁਤਾਬਕ ਹਸਪਤਾਲ ਦੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਲਗਭਗ 4 ਤੋਂ 5 ਰਾਊਂਡ ਫਾਇਰ ਹੋਏ ਹਨ। ਹਮਲਾਵਰ ਦੀ ਬਾਈਕ ਦੇ ਨੰਬਰ ਰਾਹੀਂ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਲਹਾਲ ਹਸਪਤਾਲ ਪ੍ਰਬੰਧਕਾਂ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਘਟਨਾ ਸਮੇਂ ਹਸਪਤਾਲ ਵਿਚ ਮੌਜੂਦ ਸਟਾਫ ਵਿਚ ਦਹਿਸ਼ਤ ਦਾ ਮਾਹੌਲ ਹੈ।
