ਨਿਊਜ਼ ਪੰਜਾਬ
23 ਫ਼ਰਵਰੀ 2026
ਨਾਲਾਗੜ੍ਹ ਪੁਲਿਸ ਸਟੇਸ਼ਨ ਧਮਾਕੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਸੀਆਈ ਐੱਸ ਐੱਸ ਨਗਰ (ਮੋਹਾਲੀ) ਦੀ ਸਾਂਝੀ ਕਾਰਵਾਈ ਦੌਰਾਨ IED ਧਮਾਕੇ ਦੇ ਦੋ ਮੁੱਖ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਮਹਾਵੀਰ ਉਰਫ ਬੱਚਾ ਅਤੇ ਮਨਪ੍ਰੀਤ ਉਰਫ ਮਨੀ, ਜ਼ਿਲ੍ਹਾ ਐੱਸਬੀਐੱਸ ਨਗਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਕੋਲੋਂ ਇਕ 9mm ਗਲਾਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਡੀਜੀਪੀ ਮੁਤਾਬਕ 1 ਜਨਵਰੀ 2026 ਨੂੰ ਨਾਲਾਗੜ੍ਹ ਥਾਣੇ ‘ਚ ਵਰਤੀ ਗਈ IED ਉਸੇ ਖੇਪ ਦਾ ਹਿੱਸਾ ਸੀ, ਜੋ ਇਨ੍ਹਾਂ ਨੇ ਪਾਕਿਸਤਾਨੀ ਸਰਹੱਦ ਨੇੜੇ ਤੋਂ ਹਾਸਲ ਕੀਤੀ ਸੀ। ਪੁਲਿਸ ਪਹਿਲਾਂ ਹੀ ਇਸ ਮਾਡਿਊਲ ਦੇ ਛੇ ਮੈਂਬਰਾਂ ਨੂੰ ਕਾਬੂ ਕਰ ਚੁੱਕੀ ਹੈ ਅਤੇ ਹੁਣ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਪੂਰੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਮੁਲਜ਼ਮਾਂ ਖ਼ਿਲਾਫ ਮੋਹਾਲੀ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਿੱਚ ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
