ਨਿਊਜ਼ ਪੰਜਾਬ
19 ਫ਼ਰਵਰੀ 2026
ਸਮਰਾਲਾ ’ਚ ਖੰਨਾ ਰੋਡ ’ਤੇ ਨਸ਼ੇ ’ਚ ਧੁੱਤ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਘਟਨਾ ’ਚ ਬਾਈਕ ਸਵਾਰ ਮਹਿਲਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸਦੇ ਪਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਨਜ਼ਦੀਕੀ ਪਿੰਡ ਕੁੱਲੇਵਾਲ ਦੇ ਨੇੜੇ ਵਾਪਰਿਆ।
ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ‘ਚ ਕਾਰ ਚਾਲਕ ਕੋਲੋ ਪੁਲਿਸ ਨੇ 5.15 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਖੰਨਾ ਹਸਪਤਾਲ ਤੋਂ ਦਵਾਈ ਲੈ ਕੇ ਆਪਣੇ ਪਿੰਡ ਗਹਿਲੇਵਾਲ ਨੂੰ ਵਾਪਸ ਪਰਤ ਰਹੇ ਸਨ ਕਿ ਪਿੰਡ ਕੁੱਲੇਵਾਲ ਦੀ ਗੁੱਗਾ ਮੈੜੀ ਦੇ ਨਜ਼ਦੀਕ ਸਮਰਾਲੇ ਵੱਲੋਂ ਜਾ ਰਹੇ ਇੱਕ ਕਾਰ ਸਵਾਰ ਨੇ ਉਲਟ ਪਾਸੇ ਵੱਲ ਜਾ ਕੇ ਮੋਟਰ ਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਬਲਵਿੰਦਰ ਕੌਰ 55 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਨਿਰਮਲ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਸਮਰਾਲੇ ਲਿਆਂਦਾ ਗਿਆ, ਜਿੱਥੇ ਉਸਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।
ਇਸ ਸਬੰਧ ਵਿੱਚ ਸਥਾਨਕ ਐਸ.ਐਚ.ਓ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਪ੍ਰਮੋਦ ਕੁਮਾਰ ਵਾਸੀ ਸਮਰਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੇ ਕੋਲੋਂ 5.15 ਗ੍ਰਾਮ ਹੈਰੋਇਨ ਵੀ ਬਰਾਮਦ ਹੋਣ ‘ਤੇ ਉਸਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
