ਨਿਊਜ਼ ਪੰਜਾਬ
17 ਫਰਵਰੀ 2026
ਹਰਜੋਤ ਸਿੰਘ ਬੈਂਸ ਵੱਲੋਂ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ, ਜਿੱਥੇ ਜਮੀਨੀ ਹਕੀਕਤ ਅਤੇ ਕਾਗਜ਼ੀ ਰਿਪੋਰਟਾਂ ਵਿੱਚ ਵੱਡਾ ਫਰਕ ਸਾਹਮਣੇ ਆਇਆ।ਸਭ ਤੋਂ ਪਹਿਲਾਂ ਉਨ੍ਹਾਂ ਨੇ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਿਰੀਖਣ ਕੀਤਾ। ਕੁਝ ਕਲਾਸਰੂਮ ਵਧੀਆ ਹਾਲਤ ’ਚ ਸਨ, ਪਰ ਕਈ ਕਲਾਸਾਂ ਵਿੱਚ ਰੌਸ਼ਨੀ ਦੀ ਘਾਟ ਅਤੇ ਛੱਤਾਂ ’ਤੇ ਜਾਲ੍ਹੇ ਮਿਲੇ। ਮੰਤਰੀ ਨੇ ਤੁਰੰਤ ਪ੍ਰਿੰਸੀਪਲ ਨੂੰ ਸਾਫ਼-ਸੁਥਰਾ ਮਾਹੌਲ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ।
ਜਦੋਂ ਕਲਾਸ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ ਗਿਆ ਤਾਂ ਕਈ ਬੱਚੇ ਕਿਤਾਬ ’ਚੋਂ ਪੜ੍ਹ ਨਾ ਸਕੇ। ਬੱਚਿਆਂ ਨੇ ਦੱਸਿਆ ਕਿ ਉਹ ਇੰਦਰਾ ਕਾਲੋਨੀ ਦੇ ਨੰਬਰ 4 ਪ੍ਰਾਇਮਰੀ ਸਕੂਲ ਤੋਂ ਪੰਜਵੀਂ ਤੱਕ ਪੜ੍ਹ ਕੇ ਆਏ ਹਨ। ਇਸ ’ਤੇ ਮੰਤਰੀ ਤੁਰੰਤ ਇੰਦਰਾ ਕਾਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਹੁੰਚੇ, ਜਿੱਥੇ 28 ਵਿਦਿਆਰਥੀਆਂ ਵਿੱਚੋਂ ਕੇਵਲ 8 ਨੂੰ ਹੀ ਪੰਜਾਬੀ ਪੜ੍ਹਨੀ ਆਉਂਦੀ ਸੀ।
ਸਲਾਨਾ ਰਿਪੋਰਟ ਵਿੱਚ ਸਾਰੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ “ਚੰਗੀ” ਦਰਸਾਈ ਗਈ ਸੀ, ਜਿਸ ’ਤੇ ਮੰਤਰੀ ਨੇ ਅਧਿਆਪਕਾਂ ਨੂੰ ਕੜੀ ਫਟਕਾਰ ਲਗਾਈ। ਉਨ੍ਹਾਂ ਕਿਹਾ ਕਿ ਜਦੋਂ ਰਿਪੋਰਟਾਂ ’ਚ ਸਭ ਕੁਝ ਠੀਕ ਹੈ, ਤਾਂ ਜਮੀਨੀ ਪੱਧਰ ’ਤੇ ਇਹ ਹਾਲਾਤ ਕਿਉਂ?
ਮਾਛੀਵਾੜਾ ਦੇ ਬੀ.ਪੀ.ਈ.ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੀ ਚੰਗੀ ਕਲਾਸ ਲਗਾਈ ਕਿ ਉਹ ਵਧੀਆ ਤਨਖਾਹਾਂ ਲੈ ਰਹੇ ਹਨ ਪਰ ਇਸ ਦੇ ਬਾਵਜ਼ੂਦ ਵੀ ਸੁਚੱਜੇ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ ਜਾ ਰਹੀ ਜੋ ਕਿ ਬਹੁਤ ਮੰਦਭਾਗਾ ਹੈ।
ਅਧਿਆਪਕਾਂ ਨੇ ਸਟਾਫ਼ ਦੀ ਘਾਟ ਦਾ ਹਵਾਲਾ ਦਿੱਤਾ। ਸ਼ੰਕਰ ਦਾਸ ਸਕੂਲ ਵਿੱਚ 13 ਅਸਾਮੀਆਂ ਖਾਲੀ ਹਨ, ਜਦਕਿ ਇੰਦਰਾ ਕਾਲੋਨੀ ਸਕੂਲ ਵਿੱਚ 298 ਵਿਦਿਆਰਥੀਆਂ ਲਈ ਕੇਵਲ 3 ਅਧਿਆਪਕ ਹਨ। ਮੰਤਰੀ ਨੇ ਕਿਹਾ ਕਿ ਸਟਾਫ਼ ਦੀ ਕਮੀ ਦੇ ਬਾਵਜੂਦ ਡਿਊਟੀ ਨਿਭਾਉਣਾ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ।ਇਹ ਦੌਰਾ ਸਿੱਖਿਆ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਬੇਨਕਾਬ ਕਰਦਾ ਹੈ ਅਤੇ ਮੂਲ ਭਾਸ਼ਾ ਪੰਜਾਬੀ ਦੀ ਸਿੱਖਿਆ ’ਤੇ ਸਵਾਲ ਖੜੇ ਕਰਦਾ ਹੈ।
