ਨਿਊਜ਼ ਪੰਜਾਬ
17 ਫ਼ਰਵਰੀ 2026
ਬਠਿੰਡਾ ‘ਚ ਤੜਕਸਾਰ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਤੇ ਪੁਲਿਸ ਵੱਲੋਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਵਿਚ ਮੱਛੀ ਮਾਰਕੀਟ ਨੇੜੇ ਬਣੀ ਪਰਲ ਕੰਪਨੀ ਦੇ ਮਾਲ ਵਿਚ ਬਦਮਾਸ਼ ਲੁਕ ਕੇ ਬੈਠੇ ਹੋਏ ਸਨ ਤੇ ਲੋਕਾਂ ਦਾ ਦੋਸ਼ ਸੀ ਕਿ ਇਨ੍ਹਾਂ ਵੱਲੋਂ ਇਥੋਂ ਹੀ ਨਸ਼ੇ ਦੀ ਸਪਲਾਈ ਕਰਦੇ ਹਨ। ਲੋਕਾਂ ਦਾ ਦੋਸ਼ ਸੀ ਕਿ ਇਹ ਇਥੇ ਨਸ਼ਾ ਵੀ ਕਰਦੇ ਹਨ ਤੇ ਉਥੇ ਆਉਣ-ਜਾਣ ਵਾਲੇ ਲੋਕਾਂ ਨਾਲ ਲੁੱਟ-ਖੋਹ ਵੀ ਕਰਦੇ ਹਨ। ਇਸੇ ਸ਼ਿਕਾਇਤ ਦੇ ਚੱਲਦਿਆਂ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ। ਬਦਮਾਸ਼ਾਂ ਵੱਲੋਂ ਪੁਲਿਸ ‘ਤੇ ਗੋਲੀ ਚਲਾਈ ਗਈ। ਜਵਾਬੀ ਕਾਰਵਾਈ ਵਿਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ। ਮੁਕਾਬਲੇ ਦੌਰਾਨ ਇਕ ਮੁਲਜ਼ਮ ਦੇ ਲੱਤ ਵਿਚ ਗੋਲੀ ਲੱਗੀ। ਬਦਮਾਸ਼ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਤੇ 4 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਉਤੇ ਅਧਿਕਾਰੀ ਐੱਸਪੀ ਬਠਿੰਡਾ ਨੇ ਦੱਸਿਆ ਕਿ ਇਨ੍ਹਾਂ ‘ਤੇ ਪਹਿਲਾਂ ਤੋਂ ਅਪਰਾਧਿਕ ਮਾਮਲੇ ਦਰਜ ਹਨ ਤੇ ਹੁਣ ਸ਼ਿਕਾਇਤ ਮਿਲ ਰਹੀ ਸੀ ਕਿ ਇਹ ਬੰਦ ਮਾਲ ਵਿਚ ਲੁਕ ਕੇ ਬੈਠ ਕੇ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਹਨ। ਇਸੇ ਕਰਕੇ ਪੁਲਿਸ ਵੱਲੋਂ ਤੜਕਸਾਰ ਹੀ ਰੇਡ ਕੀਤੀ ਗਈ ਤੇ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ।
