ਨਿਊਜ਼ ਪੰਜਾਬ
8 ਫ਼ਰਵਰੀ 2026
ਬੀਤੀ ਰਾਤ ਅੰਮ੍ਰਿਤਸਰ–ਖੇਮਕਰਨ ਮੇਨ ਰੋਡ ’ਤੇ ਭਿੱਖੀਵਿੰਡ ਨਜ਼ਦੀਕ ਸੈਕਰਡ ਹਾਰਟ ਸਾਹਮਣੇ ਕਾਰ ਅਤੇ ਮਿੱਟੀ ਨਾਲ ਭਰੀ ਟਰੈਕਟਰ–ਟਰਾਲੀ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਕਾਰ ਸਵਾਰ ਮਾਂ ਅਤੇ ਨਾਬਲਿਗ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਆਸਲ ਉਤਾੜ ਨਾਲ ਸੰਬੰਧਿਤ ਦਵਿੰਦਰ ਸਿੰਘ (30) ਆਪਣੀ ਪਤਨੀ ਪ੍ਰਭਜੀਤ ਕੌਰ ਅਤੇ 5 ਸਾਲਾ ਪੁੱਤਰ ਫ਼ਤਹਿ ਸਿੰਘ ਨਾਲ ਡਿਜ਼ਾਇਰ ਕਾਰ ’ਚ ਆਪਣੇ ਸਹੁਰੇ ਪਿੰਡ ਫਤਾਹਪੁਰ ਵਿਆਹ ਵਿੱਚ ਸ਼ਾਮਿਲ ਹੋਣ ਜਾ ਰਿਹਾ ਸੀ ਕਿ ਰਾਤ ਕਰੀਬ 8 ਵਜੇ ਇਹ ਹਾਦਸਾ ਵਾਪਰਿਆ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਟਰੈਕਟਰ–ਟਰਾਲੀ ਵੀ ਪੂਰੀ ਤਰ੍ਹਾਂ ਨੁਕਸਾਨੀ ਹੋ ਗਈ। ਜ਼ਖ਼ਮੀ ਦਵਿੰਦਰ ਸਿੰਘ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਘਟਨਾ ਮਗਰੋਂ ਕੁਝ ਸਮਾਜ ਵਿਰੋਧੀ ਤੱਤਾਂ ਵੱਲੋਂ ਦੁਰਘਟਨਾਗ੍ਰਸਤ ਕਾਰ ਦੇ ਟਾਇਰ ਅਤੇ ਐਲ.ਸੀ.ਡੀ. ਚੋਰੀ ਕਰਨ ਦੀ ਵੀ ਜਾਣਕਾਰੀ ਮਿਲੀ ਹੈ। ਇਸ ਦੁਖਦਾਈ ਘਟਨਾ ਨਾਲ ਪਿੰਡ ਆਸਲ ਉਤਾੜ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ।
