ਨਿਊਜ਼ ਪੰਜਾਬ
3 ਫ਼ਰਵਰੀ 2026
ਕਿਸਾਨ ਮਜਦੂਰ ਮੋਰਚਾ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 5 ਫਰਵਰੀ ਨੂੰ ਸੂਬੇ ਭਰ ਵਿੱਚ ਇੱਕ ਦਿਨ ਦਾ ਧਰਨਾ ਲਗਾ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਇਸ ਸੰਘਰਸ਼ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ 6 ਮੰਤਰੀਆਂ ਅਤੇ 21 ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਮੁਤਾਬਕ ਧਰਨਿਆਂ ਦੌਰਾਨ ਵੱਡੇ ਇਕੱਠ ਕੀਤੇ ਜਾਣਗੇ ਅਤੇ ਕਈ ਮਤੇ ਪਾਸ ਕੀਤੇ ਜਾਣਗੇ, ਜਿਨ੍ਹਾਂ ਵਿੱਚ ਗੈਂਗਸਟਰਾਂ ਖਿਲਾਫ ਕਾਰਵਾਈ ਦੀ ਆੜ ਹੇਠ ਆਮ ਨੌਜਵਾਨਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਹੋ ਰਹੇ ਗੈਰ-ਮਨੁੱਖੀ ਤਸ਼ੱਦਦ ਨੂੰ ਤੁਰੰਤ ਬੰਦ ਕਰਨ ਦੀ ਮੰਗ ਸ਼ਾਮਲ ਹੈ।
ਇਸ ਤੋਂ ਇਲਾਵਾ ਨਸ਼ੇ ਦੇ ਪੀੜਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਸਮਾਜ ਵਿੱਚ ਮੁੜ ਵਸੇਬਾ ਕਰਨ, ਵੱਡੇ ਨਸ਼ਾ ਮਾਫੀਆ, ਰਾਜਨੀਤਿਕ ਨੇਤਾਵਾਂ ਅਤੇ ਪੁਲਿਸ ਅਧਿਕਾਰੀਆਂ ਦੀ ਸਾਂਝ ਖਿਲਾਫ ਸਖ਼ਤ ਕਾਰਵਾਈ, ਡਰੋਨਾਂ ਰਾਹੀਂ ਸਰਹੱਦ ਪਾਰੋਂ ਆ ਰਹੇ ਨਸ਼ੇ ’ਤੇ ਰੋਕ ਲਗਾਉਣ ਅਤੇ ਕੇਂਦਰੀ ਬਜਟ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਫੈਸਲਿਆਂ ਦੀ ਨਿੰਦਾ ਕਰਨ ਦੇ ਮਤੇ ਪਾਸ ਕੀਤੇ ਜਾਣਗੇ। ਮੋਰਚੇ ਨੇ MSP ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਕਤੀ, ਹੜ੍ਹਾਂ ਅਤੇ ਅੰਦੋਲਨਾਂ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ, ਸਮਾਰਟ ਮੀਟਰਾਂ ਦੀ ਜ਼ਬਰਦਸਤੀ ਰੋਕਣ ਅਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਨੂੰ ਵੀ ਮੁੱਖ ਮੰਗਾਂ ਵਿੱਚ ਸ਼ਾਮਲ ਕੀਤਾ ਹੈ।
