ਲੁਧਿਆਣਾ’ ਚ DRI ਦੀ ਵੱਡੀ ਕਾਰਵਾਈ:ਅਮਰੀਕਾ-ਕੈਨੇਡਾ ਜਾਣ ਵਾਲੇ ਪਾਰਸਲਾਂ ‘ਚੋਂ 60 ਲੱਖ ਦੀ ਅਫੀਮ ਬਰਾਮਦ, IGI ਹਵਾਈ ਅੱਡੇ ‘ਤੇ 5 ਕਿਲੋ ਗਾਂਜਾ ਸਮੇਤ ਯਾਤਰੀ ਗ੍ਰਿਫ਼ਤਾਰ

ਨਿਊਜ਼ ਪੰਜਾਬ

2 ਫ਼ਰਵਰੀ 2026

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਅਤੇ ਕੈਨੇਡਾ ਭੇਜੇ ਜਾਣ ਵਾਲੇ ਸੱਤ ਕੋਰੀਅਰ ਪਾਰਸਲ ਜ਼ਬਤ ਕੀਤੇ, ਜਿਨ੍ਹਾਂ ‘ਚੋਂ 30 ਪੈਕੇਟ ਅਫੀਮ ਬਰਾਮਦ ਹੋਈ। ਡੀਆਰਆਈ ਅਧਿਕਾਰੀਆਂ ਅਨੁਸਾਰ, ਭਾਂਡਿਆਂ ਅਤੇ ਬਾਲਗਾਂ ਦੇ ਡਾਇਪਰ ਪੈਡਾਂ ਅੰਦਰ ਲੁਕਾਈ ਗਈ 12.1 ਕਿਲੋਗ੍ਰਾਮ ਤੋਂ ਵੱਧ ਅਫੀਮ ਦੀ ਗੈਰ-ਕਾਨੂੰਨੀ ਬਾਜ਼ਾਰ ਲਗਭਗ 60.59 ਲੱਖ ਰੁਪਏ ਆਂਕੀ ਗਈ ਹੈ, ਜਿਸ ਨੂੰ ਐਨਡੀਪੀਐਸ ਐਕਟ ਤਹਿਤ ਜ਼ਬਤ ਕਰ ਲਿਆ ਗਿਆ।

ਉੱਥੇ ਹੀ, ਨਸ਼ਾ ਤਸਕਰੀ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ ਦੌਰਾਨ, ਕਸਟਮ ਵਿਭਾਗ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਬੈਂਕਾਕ ਤੋਂ ਆਏ ਇੱਕ ਭਾਰਤੀ ਯਾਤਰੀ ਨੂੰ ਗ੍ਰੀਨ ਚੈਨਲ ‘ਤੇ ਰੋਕ ਕੇ ਉਸਦੇ ਸਾਮਾਨ ਦੀ ਜਾਂਚ ਕੀਤੀ, ਜਿਸ ਦੌਰਾਨ 4.935 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਗਾਂਜੇ ਦੀ ਅਨੁਮਾਨਿਤ ਕੀਮਤ ਕਰੀਬ 4.93 ਕਰੋੜ ਰੁਪਏ ਹੈ, ਜਿਸ ਤੋਂ ਬਾਅਦ ਯਾਤਰੀ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲਾ ਪਦਾਰਥ ਜ਼ਬਤ ਕਰ ਲਿਆ ਗਿਆ।