ਲੁਧਿਆਣਾ ‘ਚ ਮੋਟਰਸਾਈਕਲ ਚੋਰੀ ਗਿਰੋਹ ਦਾ ਪਰਦਾਫਾਸ਼; 18 ਚੋਰੀਸ਼ੁਦਾ ਬਾਈਕਾਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਨਿਊਜ਼ ਪੰਜਾਬ

31 ਜਨਵਰੀ 2026

ਲੁਧਿਆਣਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਆਰੋਪੀਆਂ ਦੇ ਕਬਜ਼ੇ ਵਿਚੋਂ 18 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ, ਜੋ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕੀਤੇ ਗਏ ਸਨ।

ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਆਰੋਪੀ ਚੋਰੀ ਕੀਤੇ ਮੋਟਰਸਾਈਕਲ ਘੱਟ ਕੀਮਤ ‘ਤੇ ਅੱਗੇ ਵੇਚ ਦਿੰਦੇ ਸਨ। ਰਿਮਾਂਡ ਦੌਰਾਨ ਪੁੱਛਗਿੱਛ ਸਮੇਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਨਾਲ ਜੁੜੇ ਹੋਰ ਦੋ ਆਰੋਪੀ ਅਜੇ ਫਰਾਰ ਹਨ। ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਥਾਣਾ ਇੰਚਾਰਜ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਥਾਣਾ ਖੇਤਰ ਵਿੱਚ ਮੋਟਰਸਾਈਕਲ ਚੋਰੀ ਸਬੰਧੀ ਸ਼ਿਕਾਇਤ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਇੱਕ ਆਰੋਪੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ। ਉਸ ਦੀ ਪੁੱਛਗਿੱਛ ਤੋਂ ਬਾਅਦ ਇੱਕ ਹੋਰ ਆਰੋਪੀ ਦੀ ਗ੍ਰਿਫਤਾਰੀ ਹੋਈ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਸ਼ਹਿਰ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ‘ਤੇ ਵੱਡਾ ਅਸਰ ਪਵੇਗਾ ਅਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ। ਫਰਾਰ ਆਰੋਪੀਆਂ ਦੀ ਭਾਲ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਹੋਰ ਡੂੰਘਾਈ ਨਾਲ ਕੀਤੀ ਜਾ ਰਹੀ ਹੈ।