ਨਿਊਜ਼ ਪੰਜਾਬ
26 ਜਨਵਰੀ 2026
ਜਉ ਤਉ ਪ੍ਰੇਮ ਖੇਲਣ ਕਾ ਚਾਓ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏
ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਵਿੱਚੋਂ ਇੱਕ ਸਨ। ਉਹਨਾਂ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੂਵਿੰਡ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਬਚਪਨ ਤੋਂ ਹੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ ਰਹੇ ਅਤੇ ਗੁਰੂ ਸਾਹਿਬ ਤੋਂ ਗੁਰਬਾਣੀ, ਸ਼ਸਤ੍ਰ ਵਿਦਿਆ ਅਤੇ ਸਿੱਖੀ ਦੇ ਮੂਲ ਸਿਧਾਂਤ ਸਿੱਖੇ। ਬਾਬਾ ਦੀਪ ਸਿੰਘ ਜੀ ਨੇ ਦਮਦਮੀ ਟਕਸਾਲ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ।
ਅਠਾਰ੍ਹਵੀਂ ਸਦੀ ਵਿੱਚ ਜਦੋਂ ਮੁਗਲ ਹਕੂਮਤ ਵੱਲੋਂ ਸਿੱਖਾਂ ‘ਤੇ ਭਿਆਨਕ ਜੁਲਮ ਹੋ ਰਹੇ ਸਨ, ਉਸ ਸਮੇਂ ਬਾਬਾ ਦੀਪ ਸਿੰਘ ਜੀ ਸਿੱਖ ਕੌਮ ਲਈ ਚਟਾਨ ਵਾਂਗ ਖੜੇ ਰਹੇ। 1757 ਵਿੱਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ। ਇਸ ਅਪਮਾਨ ਦੀ ਖ਼ਬਰ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਜਾਣ ਦਾ ਸੰਕਲਪ ਲਿਆ। ਉਹਨਾਂ ਨੇ ਅਰਦਾਸ ਕੀਤੀ ਕਿ ਜਾਂ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਂਗੇ ਜਾਂ ਸ਼ਹੀਦੀ ਪ੍ਰਾਪਤ ਕਰਾਂਗੇ।
ਅੰਮ੍ਰਿਤਸਰ ਦੇ ਨੇੜੇ ਗੋਹਲਵੜ ਪਿੰਡ ਵਿੱਚ ਹੋਈ ਭਿਆਨਕ ਲੜਾਈ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਵੱਖ ਹੋ ਗਿਆ, ਪਰ ਉਹ ਗੁਰੂ ਦੀ ਬਖ਼ਸ਼ਿਸ਼ ਨਾਲ ਸਿਰ ਹੱਥ ਵਿੱਚ ਫੜ ਕੇ ਲੜਦੇ ਰਹੇ ਅਤੇ ਹਰਿਮੰਦਰ ਸਾਹਿਬ ਤੱਕ ਪਹੁੰਚੇ। ਆਖ਼ਿਰਕਾਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਅਟੱਲ ਆਸਥਾ, ਬਹਾਦਰੀ ਅਤੇ ਗੁਰੂ ਪ੍ਰਤੀ ਅਟੁੱਟ ਭਗਤੀ ਦੀ ਅਮਰ ਮਿਸਾਲ ਹੈ।🙏
