ਪੰਜਾਬ ਐਂਡ ਸਿੰਧ ਬੈਂਕ ਦੇ ਦੂਜੇ ਕਿਸੇ ਸਰਕਾਰੀ ਬੈਂਕ ਵਿੱਚ ਰਲੇਵੇ ਦੇ ਕੇਂਦਰ ਸਰਕਾਰ ਦੇ ਮਨਸੂਬੇ ਦਾ ਦੁਨੀਆ ਭਰ ਦੇ ਸਿੱਖਾਂ ਵੱਲੋਂ ਵਿਰੋਧ – ਗੁਰਮੀਤ ਸਿੰਘ   

ਲੁਧਿਆਣਾ, 25 ਜਨਵਰੀ – ਸ੍ਰ. ਗੁਰਮੀਤ ਸਿੰਘ ਸਾਬਕਾ ਆਨਰੇਰੀ ਸਕੱਤਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ, ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਫਾਉਡਰ ਪ੍ਰਧਾਨ ਤੇ ਡਾਇਰੈਕਟਰ (ਓਵਰਸੀਜ਼), ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਕਿਸੇ ਹੋਰ ਸਰਕਾਰੀ ਬੈਂਕ ਨਾਲ ਮਿਲਾਉਣ ਦੇ ਕੇਂਦਰ ਸਰਕਾਰ ਦੇ ਮਨਸੂਬੇ ਦਾ ਤੀਖ਼ਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਪ੍ਰੈਸ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਇਹ ਖ਼ਦਸ਼ਾ ਹੈ ਕਿ ਇਸ ਸਬੰਧ ਵਿੱਚ ਆਉਣ ਵਾਲੇ ਸੰਸਦੀ ਸੈਸ਼ਨ ਦੌਰਾਨ ਸਰਕਾਰ ਵੱਲੋਂ ਬਿੱਲ ਲਿਆਂਦੇ ਜਾਣ ਦੀ ਸੰਭਾਵਨਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ 1908 ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਅਰਦਾਸ ਉਪਰੰਤ ਕੀਤੀ ਗਈ ਸੀ। ਇਸ ਦੇ ਸਥਾਪਕਾਂ ਵਿੱਚ ਡਾ. ਭਾਈ ਵੀਰ ਸਿੰਘ ਜੀ, ਸਰ ਸੁੰਦਰ ਸਿੰਘ ਮਜੀਠੀਆ , ਸ ਤਰਲੋਚਨ ਸਿੰਘ ,ਡਾ ਇੰਦਰਜੀਤ ਸਿੰਘ ਵਰਗੇ ਕਈ ਪ੍ਰਸਿੱਧ ਸਿੱਖ ਵਿਦਵਾਨ ਅਤੇ ਦੂਰਦਰਸ਼ੀ ਸ਼ਾਮਲ ਸਨ। ਇਹ ਬੈਂਕ ਸਿੱਖਾਂ ਦਾ, ਸਿੱਖਾਂ ਵੱਲੋਂ ਅਤੇ ਸਿੱਖਾਂ ਲਈ ਸਥਾਪਿਤ ਕੀਤਾ ਗਿਆ ਸੀ, ਜਿਸ ਦਾ ਮਕਸਦ ਸਿੱਖਾਂ ਅਤੇ ਪੰਜਾਬੀਆਂ ਦਾ ਆਰਥਿਕ ਉਤਥਾਨ, ਨੈਤਿਕ ਬੈਂਕਿੰਗ ਅਤੇ ਸੇਵਾ ਸੀ।

ਗੁਰਮੀਤ ਸਿੰਘ ਨੇ ਕਿਹਾ ਕਿ 1980 ਵਿੱਚ ਰਾਸ਼ਟਰੀਕਰਨ ਤੋਂ ਪਹਿਲਾਂ ਬੈਂਕ ਦੇ ਸਾਰੇ ਚੇਅਰਮੈਨ ਅਤੇ ਬੋਰਡ ਮੈਂਬਰ ਸਿੱਖਾਂ ਨਾਲ ਸਬੰਧਿਤ ਹੁੰਦੇ ਸਨ। ਰਾਸ਼ਟਰੀਕਰਨ ਸਮੇਂ ਵੀ ਕੇਂਦਰ ਸਰਕਾਰ ਅਤੇ ਸਿੱਖ ਕੋਮ ਦੇ ਪ੍ਰਤੀਨਿਧੀਆਂ ਦਰਮਿਆਨ ਇਹ ਸਹਿਮਤੀ ਬਣੀ ਸੀ ਕਿ ਬੈਂਕ ਦੀ ਵਿਸ਼ੇਸ਼ ਪਛਾਣ ਕਾਇਮ ਰੱਖੀ ਜਾਵੇਗੀ ਅਤੇ ਬੋਰਡ ਤੇ ਚੇਅਰਮੈਨਸ਼ਿਪ ਵਿੱਚ ਸਿੱਖ ਨੁਮਾਇੰਦਗੀ ਜਾਰੀ ਰਹੇਗੀ।ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਇਹ ਸਹਿਮਤੀ ਸਮੇਂ ਦੇ ਨਾਲ ਕਮਜ਼ੋਰ ਹੁੰਦੀ ਗਈ। ਸਿੱਖਾਂ ਵੱਲੋਂ ਆਖ਼ਰੀ ਚੇਅਰਮੈਨ ਸ਼੍ਰ ਜਤਿੰਦਰਬੀਰ ਸਿੰਘ, ਆਈਏਐਸ (2014–2017) ਰਹੇ। ਇਸ ਤੋਂ ਬਾਅਦ ਡਾ. ਚਰਨ ਸਿੰਘ ਥੋੜੀ ਥੋੜ੍ਹੀ ਦੇਰ ਲਈ 2024 ਤੱਕ ਗੈਰ-ਕਾਰਜਕਾਰੀ ਚੇਅਰਮੈਨ ਰਹੇ। ਮੌਜੂਦਾ ਸਮੇਂ ਬੈਂਕ ਦੀ ਅਗਵਾਈ ਸ਼੍ਰੀ ਸਵਰੂਪ ਕੁਮਾਰ ਸਾਹੂ, ਐਮਡੀ ਅਤੇ ਸੀਈਓ, ਕਰ ਰਹੇ ਹਨ, ਜਿਨ੍ਹਾਂ ਦੇ ਨਾਲ ਸ਼੍ਰੀ ਰਵੀ ਮਹਰਾ ਅਤੇ ਸ਼੍ਰੀ ਰੰਜੀਵਾ ਕਾਰਜਕਾਰੀ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਬੈਂਕ ਦੇ ਸਾਰੇ ਸੱਤ ਬੋਰਡ ਮੈਂਬਰ, ਐਮਡੀ ਅਤੇ ਈਡੀ ਸਮੇਤ, ਗੈਰ-ਸਿੱਖ ਹਨ, ਜਦਕਿ 1,600 ਤੋਂ ਵੱਧ ਸ਼ਾਖਾਵਾਂ ਵਾਲੇ ਇਸ ਬੈਂਕ ਵਿੱਚ ਸਿੱਖ ਕਰਮਚਾਰੀਆਂ ਦੀ ਗਿਣਤੀ ਸਿੱਖਾਂ ਦੀ ਭਰਤੀ ਨਾ ਹੋਣ ਕਾਰਨ ਨਾ ਮਾਤਰ ਰਹਿ ਗਈ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਕੋਈ ਆਮ ਬੈਂਕ ਨਹੀਂ, ਸਗੋਂ ਇਹ ਵਿਸ਼ਵਾਸ, ਸੰਸਕ੍ਰਿਤਿਕ ਮਾਣ ਅਤੇ ਸੇਵਾ ਦੇ ਮਿਸ਼ਨ ਨਾਲ ਜਨਮਿਆ ਇੱਕ ਸੰਸਥਾਨ ਹੈ। ਬੈਂਕ ਦੇ ਰਲੇਵੇ ਨਾਲ ਇਸ ਦੀ ਇਤਿਹਾਸਕ ਵਿਰਾਸਤ, ਭਰੋਸੇ ਅਤੇ ਸਮੁਦਾਇਕ ਸੇਵਾ ਦੀ ਰੂਹ ਨੂੰ ਗੰਭੀਰ ਝਟਕਾ ਲੱਗੇਗਾ।ਗੁਰਮੀਤ ਸਿੰਘ ਨੇ ਨੀਤੀਨਿਰਮਾਤਾਵਾਂ ਨੂੰ ਗੰਭੀਰ ਆਤਮ-ਚਿੰਤਨ ਦੀ ਅਪੀਲ ਕਰਦਿਆਂ ਕਿਹਾ ਕਿ ਬੈਂਕ ਨੂੰ ਮਿਲਾਉਣ ਦੀ ਥਾਂ ਇਸ ਦੀ ਮੂਲ ਪਛਾਣ ਨੂੰ ਬਹਾਲ ਕਰਨ ਲਈ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਬੈਂਕ ਦੇ ਸ਼ਾਸਨ ਵਿੱਚ ਸਿੱਖ ਕੌਮ ਦੀ ਅਰਥਪੂਰਨ ਭਾਗੀਦਾਰੀ ਯਕੀਨੀ ਬਣਾਈ ਜਾਵੇ ਜਾਂ ਇਸ ਨੂੰ ਪ੍ਰਾਈਵੇਟ ਕਰਕੇ ਸਿੱਖ ਕੌਮ ਨੂੰ ਵਾਪਸ ਦੇ ਦਿੱਤਾ ਜਾਵੇ,ਕਿਉਂਕਿ ਇਹੀ ਸਿੱਖ ਕੌਮ ਦਹਾਕਿਆਂ ਤੱਕ ਇਸ ਬੈਂਕ ਦੀ ਤਾਕਤ ਅਤੇ ਦਿਸ਼ਾ ਦਾ ਸਰੋਤ ਰਿਹਾ ਹੈ। ਉਨਾਂ ਇਸ ਸਬੰਧੀ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਚੀਫ਼ ਖਾਲਸਾ ਦੀਵਾਨ ਨੂੰ ਅਗਾਊ ਕਾਰਵਾਈ ਹਰਨ ਲਈ ਕਿਹਾ ਹੈ। ਬਿਆਨ ਦੇਣ ਵਾਲਿਆਂ ਵਿੱਚ ਸ਼ ਜਸਪਾਲ ਸਿੰਘ , ਸ ਵਰਿੰਦਰਜੀਤ ਸਿੰਘ ਵਿਰਕ , ਸ ਕੇ ਬੀ ਸਿੰਘ , ਸ ਪਰਮਜੀਤ ਸਿੰਘ ਸੁਚਿਤਨ ਆਦਿਕ ਸਾਰੇ ਰੀਟਾਇਰ ਬੈਕਰ ਸ਼ਾਮਲ ਸਨ।

ਕੋਆਰਡੀਨੇਟਰ

9872645433