ਚਾਈਨਾ ਡੋਰ ਨੇ ਲੈ ਲਈ 15 ਸਾਲਾ ਵਿਦਿਆਰਥੀ ਦੀ ਜਾਨ, ਸਕੂਲੋਂ ਘਰ ਆਉਂਦਿਆਂ ਵਾਪਰਿਆ ਹਾਦਸਾ

ਨਿਊਜ਼ ਪੰਜਾਬ

24 ਜਨਵਰੀ 2026

ਅੱਜ ਸਕੂਲੋਂ ਘਰ ਵਾਪਸੀ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਦਸਵੀਂ ਕਲਾਸ ਦੇ 15 ਸਾਲਾ ਵਿਦਿਆਰਥੀ ਤਰਨਜੋਤ ਸਿੰਘ ਦੀ ਚਾਈਨਾ ਡੋਰ ਨਾਲ ਗਰਦਨ ਕੱਟ ਹੋ ਜਾਣ ਕਾਰਨ ਮੌਤ ਹੋ ਗਈ। ਤਰਨਜੋਤ ਸਿੰਘ, ਜੋ ਨਜ਼ਦੀਕੀ ਪਿੰਡ ਰੋਹਲੇ ਦੇ ਸਰਪੰਚ ਦਾ ਇਕਲੌਤਾ ਪੁੱਤਰ ਸੀ, ਆਪਣੇ ਚਚੇਰੇ ਭਰਾ ਦੇ ਮੋਟਰਸਾਈਕਲ ’ਤੇ ਪਿੱਛੇ ਬੈਠ ਕੇ ਸਕੂਲ ਤੋਂ ਘਰ ਆ ਰਿਹਾ ਸੀ। ਜਿਵੇਂ ਹੀ ਦੋਵੇਂ ਲੁਧਿਆਣਾ-ਚੰਡੀਗੜ੍ਹ ਮੇਨ ਹਾਈਵੇ ’ਤੇ ਪਿੰਡ ਚਹਿਲਾਂ ਕੋਲ ਪੁੱਜੇ, ਉੱਥੇ ਪਹਿਲਾਂ ਤੋਂ ਫਸੀ ਹੋਈ ਪਤੰਗ ਦੀ ਚਾਈਨਾ ਡੋਰ ਨੇ ਅਚਾਨਕ ਤਰਨਜੋਤ ਸਿੰਘ ਦੀ ਧੌਣ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਐਸਐਚਓ ਸਮਰਾਲਾ ਹਰਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਮੌਤ ਦੀ ਪੁਸ਼ਟੀ ਕੀਤੀ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਸਮਰਾਲਾ ਵਿੱਚ ਕਰਵਾਇਆ ਜਾਵੇਗਾ।