ਨਿਊਜ਼ ਪੰਜਾਬ
18 ਜਨਵਰੀ 2026
ਬਲਟਾਣਾ ਦੇ ਸਥਾਨਕ ਏਕਤਾ ਵਿਹਾਰ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਆਟੋਮੈਟਿਕ ਆਈ-20 ਕਾਰ ਅਚਾਨਕ ਬੇਕਾਬੂ ਹੋ ਕੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਬੁਰੀ ਤਰ੍ਹਾਂ ਕੁਚਲ ਗਈ। ਜ਼ਖਮੀ ਦੀ ਪਛਾਣ 42 ਸਾਲਾ ਮਨਦੀਪ ਕੁਮਾਰ ਵਜੋਂ ਹੋਈ ਹੈ, ਜੋ ਕਿ ਕਾਰ ਚਲਾ ਰਹੇ ਵਿਅਕਤੀ ਦਾ ਜਵਾਈ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ, ਮਨਦੀਪ ਦੇ ਸਹੁਰੇ ਅਸ਼ਵਨੀ ਸ਼ਰਮਾ (65) ਗੱਡੀ ਪਾਰਕ ਕਰਨ ਜਾਂ ਮੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਦੌਰਾਨ ਅਚਾਨਕ ਗੱਡੀ ਤੇਜ਼ੀ ਨਾਲ ਅੱਗੇ ਵਧ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮਨਦੀਪ ਸੜਕ ’ਤੇ ਦੂਰ ਜਾ ਡਿੱਗਿਆ। ਡਾਕਟਰਾਂ ਅਨੁਸਾਰ ਉਸਦੀ ਲੱਤ ਤਿੰਨ ਥਾਵਾਂ ਤੋਂ ਟੁੱਟ ਚੁੱਕੀ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੂਰੀ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
