ਨਿਊਜ਼ ਪੰਜਾਬ
15 ਜਨਵਰੀ 2026
ਰਾਜਸਥਾਨ ਦੇ ਫਤਿਹਪੁਰ ਸ਼ੇਖਾਵਾਟੀ ਵਿੱਚ ਰਾਸ਼ਟਰੀ ਰਾਜਮਾਰਗ 52 ’ਤੇ ਹਰਸਾਵਾ ਪਿੰਡ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਸਾਰੇ ਇਲਾਕੇ ਨੂੰ ਸਦਮੇ ’ਚ ਪਾ ਦਿੱਤਾ। ਤੇਜ਼ ਰਫ਼ਤਾਰ ਕਾਰ ਪਹਿਲਾਂ ਇੱਕ ਪਿਕਅੱਪ ਨਾਲ ਟਕਰਾਈ ਅਤੇ ਫਿਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਹਾਦਸੇ ਵਿੱਚ ਇੱਕੋ ਪਰਿਵਾਰ ਦੀ ਸੱਸ ਅਤੇ ਉਸ ਦੀਆਂ ਪੰਜ ਨੂੰਹਾਂ ਸਮੇਤ ਕੁੱਲ 7 ਔਰਤਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਡਰਾਈਵਰ ਅਤੇ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਹਨ। ਚਸ਼ਮਦੀਦਾਂ ਅਨੁਸਾਰ, ਓਵਰਟੇਕ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ। ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਅਤੇ ਉੱਥੋਂ ਲੰਘ ਰਹੇ ਵਾਹਨ ਚਾਲਕ ਮੌਕੇ ‘ਤੇ ਪਹੁੰਚ ਗਏ। ਔਰਤਾਂ ਕਾਰ ਦੇ ਅੰਦਰ ਫਸ ਗਈਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਫਤਿਹਪੁਰ ਸਦਰ ਥਾਣਾ ਖੇਤਰ ਦੇ ਰਘੁਨਾਥਪੁਰਾ ਪਿੰਡ ਨਿਵਾਸੀ ਪਰਿਵਾਰ ਹਾਲ ਹੀ ਵਿੱਚ ਲਕਸ਼ਮਣਗੜ੍ਹ ਗਿਆ ਸੀ। ਪਰਿਵਾਰ ਦੀ ਬਜ਼ੁਰਗ ਮਹਿਲਾ ਮੋਹਿਨੀ ਦੇਵੀ ਦੀ ਨੰਨਦ ਜੋ ਕਿ ਲਕਸ਼ਮਣਗੜ੍ਹ ਦੀ ਵਸਨੀਕ ਕੈਲਾਸ਼ ਦੇਵੀ ਦਾ ਦੇਹਾਂਤ ਹੋ ਗਿਆ ਸੀ। ਪੂਰਾ ਪਰਿਵਾਰ ਉਸਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਮ 4 ਵਜੇ ਦੇ ਕਰੀਬ ਪਿੰਡ ਵਾਪਸ ਆ ਰਿਹਾ ਸੀ। ਪਰਿਵਾਰ ਚਾਰ ਵਾਹਨਾਂ ਵਿੱਚ ਸਵਾਰ ਸੀ,ਜਦਕਿ ਇੱਕ ਕਾਰ ‘ਚ ਔਰਤਾਂ ਅਤੇ ਡਰਾਈਵਰ ਸਵਾਰ ਸਨ। ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਅਤੇ ਸਭ ਤੋਂ ਦਰਦਨਾਕ ਯਾਤਰਾ ਬਣ ਜਾਵੇਗੀ।
ਇਸ ਭਿਆਨਕ ਸੜਕ ਹਾਦਸੇ ਵਿੱਚ ਸੱਸ ਮੋਹਿਨੀ ਦੇਵੀ (80) ਅਤੇ ਨੂੰਹਾਂ ਚੰਦਾ ਦੇਵੀ (55), ਤੁਲਸੀ ਦੇਵੀ (45), ਬਰਖਾ ਦੇਵੀ (35), ਆਸ਼ਾ ਦੇਵੀ (60), ਸੰਤੋਸ਼ ਦੇਵੀ (45) ਅਤੇ ਧੀ ਇੰਦਰਾ (60) ਦੀ ਮੌਤ ਹੋ ਗਈ। ਸਾਰੇ ਇੱਕੋ ਪਰਿਵਾਰ ਦੇ ਸਨ। ਜੈਪੁਰ ਜਾਂਦੇ ਸਮੇਂ ਬਰਖਾ ਦੇਵੀ ਦੀ ਮੌਤ ਹੋ ਗਈ। ਸੋਨੂੰ (35) ਅਤੇ ਕਾਰ ਚਾਲਕ ਵਸੀਮ (25) ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਕਸ਼ਮਣਗੜ੍ਹ ਤੋਂ ਨਿਕਲਣ ਤੋਂ ਪਹਿਲਾਂ ਡਰਾਈਵਰ ਵਸੀਮ ਨੂੰ ਹੌਲੀ ਗੱਡੀ ਚਲਾਉਣ ਲਈ ਕਿਹਾ ਸੀ। ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰਫ਼ਤਾਰ ਵਧਾ ਦਿੱਤੀ ਅਤੇ ਇਸ ਲਾਪਰਵਾਹੀ ਨੇ ਸੱਤ ਜਾਨਾਂ ਲੈ ਲਈਆਂ।
