ਨਿਊਜ਼ ਪੰਜਾਬ
12 ਜਨਵਰੀ 2026
ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਹੁਣ ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ, ਜਰਮਲ ਸਿੰਘ ਦੇ ਕਤਲ ਤੋਂ ਬਾਅਦ ਛੱਤੀਸਗੜ੍ਹ ਦੇ ਰਾਏਪੁਰ ਭੱਜ ਗਏ ਸਨ ਅਤੇ ਇਥੇ ਆਪਣੇ ਰਿਸ਼ਤੇਦਾਰਾਂ ਕੋਲ ਲੁਕੇ ਹੋਏ ਸਨ।
ਪੁਲਿਸ ਵੱਲੋਂ ਮਾਮਲੇ ‘ਚ ਜਾਂਚ ਦੌਰਾਨ ਇਨ੍ਹਾਂ ਦੀ ਲੋਕੇਸ਼ਨ ਟਰੇਸ ਕੀਤੀ ਗਈ ਸੀ, ਜਿਸ ਦੌਰਾਨ ਇਨ੍ਹਾਂ ਦੀ ਲੋਕੇਸ਼ਨ ਰਾਜੇਂਦਰ ਨਗਰ ਦੇ ਰਿਸ਼ਬ ਅਪਾਰਟਮੈਂਟ ‘ਚ ਮਿਲੀ, ਜਿਸ ਤੋਂ ਬਾਅਦ ਪੁਸ਼ਟੀ ਹੋਣ ‘ਤੇ ਪੁਲਿਸ ਨੇ ਇਥੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਫੜ ਲਿਆ।
ਪੁਲਿਸ ਸੂਤਰਾਂ ਅਨੁਸਾਰ, ਦੋਵੇਂ ਸ਼ੂਟਰਾਂ ਦੀ ਪਛਾਣ ਸੁਖਰਾਜ ਤੇ ਕਰਮਵੀਰ ਸਿੰਘ ਵੱਜੋਂ ਹੋਈ ਹੈ, ਜਿਨ੍ਹਾਂ ਨੂੰ ਰਾਏਪੁਰ ਵਿਖੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਪੰਜਾਬ ਪੁਲਿਸ ਨੇ ਟਰਾਂਜਿਟ ਰਿਮਾਂਡ ਹਾਸਲ ਕਰ ਲਿਆ ਅਤੇ ਪੰਜਾਬ ਲਈ ਰਵਾਨਾ ਹੋ ਗਈ।
ਰਾਏਪੁਰ ਦੇ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਸੰਜੇ ਸਿੰਘ ਨੇ ਕਿਹਾ, ”ਪੰਜਾਬ ਪੁਲਿਸ ਨੇ ਰਾਏਪੁਰ ਤੋਂ ‘ਆਪ’ ਸਰਪੰਚ ਝਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦੀ 4 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਵਿਆਹ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੋਵੇਂ ਸ਼ੱਕੀਆਂ ਦੀ ਸਾਜ਼ਿਸ਼ ਅਤੇ ਨੈੱਟਵਰਕ ਦੀ ਜਾਂਚ ਜਾਰੀ ਹੈ।
