ਨਿਊਜ਼ ਪੰਜਾਬ
10 ਜਨਵਰੀ 2026
ਪਟਿਆਲਾ ਦੀ ਨੂੰਹ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਨਵਾਂ ਗੀਤ ਕੈਂਡੀ ਸ਼ਾਪ ਆਪਣੇ ਕਥਿਤ ਅਸ਼ਲੀਲ ਬੋਲਾਂ ਅਤੇ ਇਤਰਾਜ਼ਯੋਗ ਡਾਂਸ ਮੂਵਜ਼ ਕਾਰਨ ਵਿਵਾਦਾਂ ਵਿੱਚ ਆ ਗਿਆ ਹੈ। ਇਸ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸਨੂੰ ਗੰਭੀਰ ਮੰਨਦਿਆਂ ਕਮਿਸ਼ਨ ਨੇ ਮਾਮਲਾ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ, ਨਵੀਂ ਦਿੱਲੀ ਨੂੰ ਭੇਜ ਦਿੱਤਾ ਹੈ। ਸ਼ਿਕਾਇਤਕਰਤਾ ਡਾ. ਧਨੇਂਦਰ ਸ਼ਾਸਤਰੀ ਨੇ ਦੋਸ਼ ਲਗਾਇਆ ਹੈ ਕਿ ਗੀਤ ਵਿੱਚ “ਕੈਂਡੀ” ਅਤੇ “ਲਾਲੀਪੌਪ” ਵਰਗੇ ਸ਼ਬਦਾਂ ਰਾਹੀਂ ਬੱਚਿਆਂ ਨੂੰ ਆਕਰਸ਼ਿਤ ਕਰਕੇ ਐਸਾ ਵਿਜ਼ੂਅਲ ਕੰਟੈਂਟ ਦਿਖਾਇਆ ਗਿਆ ਹੈ ਜੋ ਉਨ੍ਹਾਂ ਦੇ ਮਾਨਸਿਕ ਵਿਕਾਸ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਗੀਤ ਨੂੰ ਹੁਣ ਤੱਕ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਸੋਸ਼ਲ ਮੀਡੀਆ ’ਤੇ ਇਸਦੇ ਡਾਂਸ ਸਟੈਪਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਕਮਿਸ਼ਨ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਸਗੋਂ ਰਾਸ਼ਟਰੀ ਪੱਧਰ ’ਤੇ ਬੱਚਿਆਂ ਦੇ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਰਾਸ਼ਟਰੀ ਕਮਿਸ਼ਨ ਨੂੰ ਨੇਹਾ ਕੱਕੜ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।
