ਅੰਮ੍ਰਿਤਸਰ ਵਿੱਚ ਵਿਆਹ ਸਮਾਗਮ ਦੌਰਾਨ ਸਰਪੰਚ ਜਰਮਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ, ਇਲਾਕੇ ’ਚ ਦਹਿਸ਼ਤ

ਨਿਊਜ਼ ਪੰਜਾਬ

4 ਜਨਵਰੀ 2026

ਅੰਮ੍ਰਿਤਸਰ ਦੇ ਇਕ ਰਿਜੋਰਟ ਵਿਚ ਵਿਆਹ ਸਮਾਗਮ ਵਿਚ ਸ਼ਾਮਿਲ ਹੋਏ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦੀ ਸ਼ਨਾਖਤ ਜਰਮਲ ਸਿੰਘ ਵਾਸੀ ਪਿੰਡ ਵਲਟੋਹਾ ਵਜੋਂ ਦੱਸੀ ਗਈ ਹੈ।

ਇਸ ਸਬੰਧੀ ਥਾਣਾ ਸਦਰ ਦੇ ਐਸ. ਐਚ. ਓ. ਕਿਰਨਦੀਪ ਸਿੰਘ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ, ਉਹ ਹਾਲੇ ਮੌਕੇ ਉਤੇ ਪਹੁੰਚ ਰਹੇ ਹਨ।

ਜਾਣਕਾਰੀ ਅਨੁਸਾਰ ਹਲਕਾ ਖੇਮਕਰਨ ਦੀ ਮੰਡੀ ਅਮਰਕੋਟ ਦੇ ਪ੍ਰਮੁੱਖ ਆੜ੍ਹਤੀ ਤੇ ਵਲਟੋਹਾ ਸੰਧੂਆਂ ਤੋਂ ਆਮ ਪਾਰਟੀ ਦੇ ਸਰਪੰਚ ਜਰਮਲ ਸਿੰਘ ਠੇਕੇਦਾਰ ਜੋ ਅੱਡਾ ਅਮਰਕੋਟ ਦੇ ਸਰਪੰਚ ਹਰਜੀਤ ਸਿੰਘ ਸੈਰੀ ਦੀ ਭੈਣ ਦੇ ਵਿਆਹ ਵਿਚ ਗਏ ਸਨ, ਜਿਨ੍ਹਾਂ ਦਾ ਮੈਰੀ ਗੋਲਡ ਪੈਲੇਸ ਅੰਮ੍ਰਿਤਸਰ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਹੜੇ ਟੇਬਲ ਉਤੇ ਉਹ ਬੈਠੇ ਸਨ, ਉਥੇ ਕੁਝ ਸਮਾਂ ਪਹਿਲਾਂ ਵਿਧਾਇਕ ਸਰਵਨ ਸਿੰਘ ਧੁੰਨ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਸਾਬਕਾ ਸਰਪੰਚ ਦਲਜੀਤ ਸਿੰਘ ਬੱਬਰ ਤੇ ਹੋਰ ਵੀ ਮੋਹਤਬਰ ਬੈਠੇ ਸਨ, ਜਦੋਂ ਉਹ ਰੋਟੀ ਖਾਣ ਉਠ ਕੇ ਗਏ ਤਾਂ ਮਗਰੋਂ ਹਮਲਾਵਰਾਂ ਨੇ ਜਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।