ਨਿਊਜ਼ ਪੰਜਾਬ
31 ਦਸੰਬਰ 2025
ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਨੇੜੇ ਸਥਿਤ ਸੱਤਿਅਮ ਹਸਪਤਾਲ ਵਿੱਚ ਇੱਕ 6 ਮਹੀਨੇ ਦੀ ਮਾਸੂਮ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਨ ਅਤੇ ਸਟਾਫ ਉੱਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਬੱਚੀ ਨੂੰ ਗਲਤ ਦਵਾਈ ਦਿੱਤੀ ਗਈ, ਜਿਸ ਕਾਰਨ ਉਸਦੀ ਮੌਤ ਹੋਈ।
ਮ੍ਰਿਤਕ ਬੱਚੀ ਦੀ ਮਾਂ ਸੋਨੀਆ ਨੇ ਦੱਸਿਆ ਕਿ ਉਸਦੀ ਧੀ ਨੂੰ ਛਾਤੀ ਵਿੱਚ ਦਰਦ ਦੀ ਸਮੱਸਿਆ ਸੀ, ਜਿਸ ਕਾਰਨ ਤਿੰਨ ਦਿਨ ਪਹਿਲਾਂ ਉਸਨੂੰ ਸੱਤਿਅਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਬੱਚੀ ਦੀ ਹਾਲਤ ਵਿੱਚ ਸੁਧਾਰ ਵੀ ਦਿਖਾਈ ਦੇ ਰਿਹਾ ਸੀ। ਪਰ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕੱਲ੍ਹ ਇੱਕ ਸਟਾਫ ਮੈਂਬਰ ਬਿਨਾਂ ਜਾਣਕਾਰੀ ਦਿੱਤੇ ਕਮਰੇ ਵਿੱਚ ਆਇਆ ਅਤੇ ਬੱਚੀ ਨੂੰ ਦਵਾਈ ਦੇ ਦਿੱਤੀ। ਜਦੋਂ ਮਾਂ ਨੇ ਇਸ ਬਾਰੇ ਪੁੱਛਿਆ ਤਾਂ ਉਸਨੂੰ ਕਿਹਾ ਗਿਆ ਕਿ ਇਹ ਨੀਂਦ ਦੀ ਦਵਾਈ ਹੈ।
ਪਰਿਵਾਰ ਦਾ ਦਾਅਵਾ ਹੈ ਕਿ ਦਵਾਈ ਦੇਣ ਤੋਂ ਬਾਅਦ ਬੱਚੀ ਗਹਿਰੀ ਨੀਂਦ ਵਿੱਚ ਚਲੀ ਗਈ ਅਤੇ ਫਿਰ ਸਵੇਰ ਤੱਕ ਨਹੀਂ ਜਾਗੀ। ਉਨ੍ਹਾਂ ਦਾ ਆਰੋਪ ਹੈ ਕਿ ਹਸਪਤਾਲ ਪ੍ਰਬੰਧਨ ਨਾ ਤਾਂ ਉਸ ਸਟਾਫ ਮੈਂਬਰ ਨੂੰ ਸਾਹਮਣੇ ਲਿਆ ਰਿਹਾ ਹੈ ਅਤੇ ਨਾ ਹੀ ਮਾਮਲੇ ਦੀ ਪਾਰਦਰਸ਼ੀ ਜਾਂਚ ਕਰ ਰਿਹਾ ਹੈ। ਘਟਨਾ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ਉਪਰਾਂਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਸਪਤਾਲ ਪ੍ਰਬੰਧਨ ਤੋਂ ਮੌਤ ਦਾ ਕਾਰਨ ਬਣੀ ਦਵਾਈ ਅਤੇ ਉਸਨੂੰ ਦੇਣ ਵਾਲੇ ਸਟਾਫ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੱਚੀ ਪਹਿਲਾਂ ਤੋਂ ਹੀ ਨਿਮੋਨੀਆ ਦੀ ਗੰਭੀਰ ਬੀਮਾਰੀ ਨਾਲ ਪੀੜਤ ਸੀ ਅਤੇ ਉਸਦਾ ਇਲਾਜ ਪੂਰੀ ਸਾਵਧਾਨੀ ਨਾਲ ਕੀਤਾ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੋਈ ਵੀ ਡਾਕਟਰ ਜਾਣ-ਬੁੱਝ ਕੇ ਮਰੀਜ਼ ਦੇ ਇਲਾਜ ਵਿੱਚ ਲਾਪਰਵਾਹੀ ਨਹੀਂ ਵਰਤਦਾ।
