ਨਿਊਜ਼ ਪੰਜਾਬ
28 ਦਸੰਬਰ 2025
ਸਮਰਾਲਾ ਵਿੱਚ ਐਤਵਾਰ ਸਵੇਰੇ ਚੰਡੀਗੜ੍ਹ-ਲੁਧਿਆਣਾ ਬਾਈਪਾਸ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਭਰਥਲਾ ਰੋਡ ਨੇੜੇ ਇੱਕ ਕਾਰ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਲੋਕ ਮੌਕੇ ਤੋਂ ਭੱਜ ਗਏ।
ਜਾਣਕਾਰੀ ਅਨੁਸਾਰ, ਕਾਰ ਵਿੱਚੋਂ ਦੇਸੀ ਸ਼ਰਾਬ ਦੀਆਂ ਬੋਤਲਾਂ ਭਰੀਆਂ ਹੋਈਆਂ ਮਿਲੀਆਂ ਹਨ। ਹਾਲਾਂਕਿ, ਕਾਰ ਵਿੱਚ ਸ਼ਰਾਬ ਦੀ ਸਹੀ ਮਾਤਰਾ ਤੁਰੰਤ ਸਪੱਸ਼ਟ ਨਹੀਂ ਹੈ। ਪੁਲਿਸ ਨੇ ਕਾਰ ਵਿੱਚ ਮੌਜੂਦ ਸਮੱਗਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਸਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ।ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਵੀ ਹਾਦਸੇ ਵਿੱਚ ਫਸ ਗਏ। ਰਾਹਗੀਰਾਂ ਨੇ ਤੁਰੰਤ ਉਨ੍ਹਾਂ ਨੂੰ ਚੁੱਕਿਆ ਅਤੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਮੋਟਰਸਾਈਕਲ ‘ਤੇ ਤਿੰਨ ਜਣੇ ਸਵਾਰ ਸਨ, ਜਿਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੋ ਨੂੰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
