ਬਰਨਾਲਾ ਪੁਲਿਸ ਨਾਲ ਮੁੱਠਭੇੜ: ਗੈਂਗ ਦੀਆਂ ਗੋਲੀਆਂ ਕਾਰ ‘ਚ ਲੱਗੀਆਂ, 5 ਆਰੋਪੀ ਕਾਬੂ

ਨਿਊਜ਼ ਪੰਜਾਬ

26 ਦਸੰਬਰ 2025

ਬਰਨਾਲਾ ‘ਚ ਇੱਕ ਲੁਟੇਰਾ ਗਿਰੋਹ ਅਤੇ ਬਰਨਾਲਾ ਪੁਲਿਸ ਵਿਚਕਾਰ ਮੁੱਠਭੇੜ ਹੋਈ ਹੈ। ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਹਨ। ਇੱਕ ਆਰੋਪੀ ਦੀ ਲੱਤ ‘ਚ ਪੁਲਿਸ ਦੀ ਗੋਲੀ ਲੱਗੀ ਹੈ। ਲੁਟੇਰਾ ਗਿਰੋਹ ਵੱਲੋਂ ਵੀ ਚਲਾਈਆਂ ਗੋਲੀਆਂ ਪੁਲਿਸ ਦੀ ਕਾਰ ‘ਚ ਲੱਗੀਆਂ ਹਨ।ਘਟਨਾ ਦੀਆਂ ਵੀਡੀਓ ਅਤੇ ਫੋਟੋਆਂ ਵੀ ਸਾਹਮਣੇ ਆਈਆਂ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਲੁਟੇਰਾ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੌਕੇ ‘ਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੌਕੇ ਤੋਂ ਇੱਕ .315 ਬੋਰ ਦੀ ਦੇਸੀ ਪਿਸਤੌਲ, ਇੱਕ .32 ਬੋਰ ਦੀ ਰਾਈਫਲ, ਕੁਝ ਜ਼ਿੰਦਾ ਕਾਰਤੂਸ, ਇੱਕ ਲੋਹੇ ਦੀ ਰਾਡ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਐਸਐਸਪੀ ਨੇ ਕਿਹਾ ਕਿ ਸਾਰੇ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ,ਤਾਂ ਜੋ ਅੱਗੇ ਹੋਰ ਖੁਲਾਸੇ ਹੋ ਸਕਣ।