ਨਿਊਜ਼ ਪੰਜਾਬ
25 ਦਸੰਬਰ 2025
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਕੈਂਪਸ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੈਰ ਕਰ ਰਹੇ ਇੱਕ ਸਕੂਲ ਅਧਿਆਪਕ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ। ਏਐਮਯੂ ਦੇ ਪ੍ਰੋਕਟਰ ਮੁਹੰਮਦ ਵਸੀਮ ਅਲੀ ਨੇ ਕਿਹਾ ਕਿ ਏਐਮਯੂ ਨਾਲ ਸਬੰਧਤ ਏਬੀਕੇ ਯੂਨੀਅਨ ਹਾਈ ਸਕੂਲ ਦੇ ਅਧਿਆਪਕ ਰਾਓ ਦਾਨਿਸ਼ ਅਲੀ ਬੁੱਧਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੈਨੇਡੀ ਆਡੀਟੋਰੀਅਮ ਨੇੜੇ ਆਪਣੇ ਦੋ ਸਾਥੀਆਂ ਨਾਲ ਸੈਰ ਕਰ ਰਹੇ ਸਨ।
ਇਸ ਦੌਰਾਨ ਕੁਝ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕੁਝ ਸਮੇਂ ਤੱਕ ਗੱਲਬਾਤ ਕੀਤੀ। ਮੌਕਾ ਦੇਖ ਕੇ ਹਮਲਾਵਰਾਂ ਨੇ ਉਸ ਨੂੰ ਨੇੜਿਓਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਗੋਲੀਆਂ ਲੱਗਣ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਉਸਨੂੰ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
