ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ

ਲੁਧਿਆਣਾ 18 ਦਸੰਬਰ,  ( ਆਰ ਐਸ ਖ਼ਾਲਸਾ ) ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼੍ਰੀ ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਇੰਸਟੀਚਿਊਟ ਦੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ।

ਡਾ: ਚਰਨ ਕਮਲ ਸਿੰਘ, ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਹੋਰਾਂ ਮੁੱਖ ਮਹਿਮਾਨ ਅਤੇ ਸਰੋਤਿਆਂ ਨੂੰ ਜੀਓ ਆਇਆਂ ਕਹਿੰਦਿਆਂ ਇੰਸਟੀਚਿਊਟ ਦੀਆਂ ਉੱਚ ਪੱਧਰੀ ਤਕਨੀਕੀ ਸਹੂਲਤਾਂ ਅਤੇ ਗਾਇਨ, ਵਾਦਨ, ਨ੍ਰਿਤ, ਆਡੀਓ/ਵੀਡੀਓ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ।

ਮੁੱਖ ਮਹਿਮਾਨ, ਸ਼੍ਰੀ ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਸਿਖਿਆਰਥੀਆਂ ਵਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜਿਸ ਵਿਚ ਗਾਇਨ, ਵਾਦਨ, ਨ੍ਰਿਤ, ਆਡੀਓ/ਵੀਡੀਓ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਇੰਸਟੀਚਿਊਟ ਦੇ ਕਾਰਜਕਰਤਾ ਬੜੀ ਮਿਹਨਤ ਅਤੇ ਲਗਨ ਨਾਲ ਸਿਖਿਆਰਥੀਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੀ ਹੁਨਰ-ਘਾੜਤ ਕਰ ਰਹੇ ਹਨ। ਇੰਸਟੀਚਿਊਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਗਾਊਂ ਲੋੜਾਂ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਸਮਾਜ ਦੇ ਹਰ ਵਰਗ ਦੇ ਜੀਆਂ ਨੂੰ ਆਪਣੇ ਹੁਨਰ ਦੀ ਘਾੜਤ ਲਈ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਹੁਨਰ ਘਾੜਣ ਪ੍ਰਣਾਲੀ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

ਇੰਸਟੀਚਿਊਟ ਲਈ ਬੜੇ ਮਾਣ ਦੀ ਗੱਲ ਹੈ ਕਿ ਇੰਸਟੀਚਿਊਟ ਦੀ ਪਹਿਲੀ ਵਿਦਿਆਰਥਣ ਗੁਰਲੀਨ ਕੌਰ ਜੋ ਕਿ ਇਸ ਸਮੇਂ ਟੈਕਸਾਸ, ਅਮਰੀਕਾ ਵਿਖੇ ਆਪਣੇ ਹੁਨਰ ਦੀ ਪੇਸ਼ਕਾਰੀ ਕਰ ਰਹੀ ਹੈ, ਜਿਸ ਨੂੰ ਸਾਲ 2020 ਵਿਚ ਮੈਲੋਡੀ ਕਵੀਨ ਆਫ਼ ਡੈਲਸ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ ਅਤੇ 2022 ਵਿਚ ਗੁਰਲੀਨ ਕੌਰ ਨੂੰ ਲੰਿਕਨ ਐਵੀਨਿਊ ਮਿਊਜ਼ਿਕ ਅਦਾਰੇ ਵਲੋਂ ਯੂ.ਐਸ.ਏ. ਦੀ “ਸਰਵ ਸ੍ਰੇਸ਼ਟ ਪਰਭਾਵੀ ਗਾਇਕਾ” ਨੂੰ ਨਿਵਾਜਿਆ ਗਿਆ ਹੈ। ਇਸ ਸੰਗੀਤਕ ਸ਼ਾਮ ਵਿਚ ਉਚੇਚੇ ਤੌਰ ਤੇ ਪੁੱਜ ਕੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਦਿੱਤੀਆਂ, ਜਿਸ ਨੇ ਸਰੋਤਿਆਂ ਦਾ ਮਨ ਮੋਹ ਲਿਆ।

ਇੰਸਟੀਚਿਊਟ ਦੇ ਸਿਖਿਆਰਥੀ ਕਲਾਕਾਰਾਂ ਵਿਚ ਸਮੀਕਸ਼ਾ, ਸ਼ੀਰੀਨਾ, ਦਸ਼ਮੀਤ, ਅਨਹਦ, ਮੁਨੀਸ਼ ਨੇ ਗਾਇਨ ਰਾਹੀਂ; ਅਤੇ ਗੀਤਾਜ਼ ਨੇ ਡਰੰਮ ਵਿਚ ਵਧੀਆ ਪੇਸ਼ਕਾਰੀ ਕੀਤੀ। ਕੀ ਬੋਰਡ ਦੀ ਪੇਸ਼ਕਾਰੀ ਸਮਰਵੀਰ ਅਤੇ ਦਿਵਆਂਸ਼; ਗਿਟਾਰ ਵਿਚ ਨਿਸ਼ਚੈ ਅਤੇ ਜਸਕੀਰਤ ਨੇ ਬੜੀ ਦਿਲਕਸ਼ ਪੇਸ਼ਕਾਰੀ ਦਿੱਤੀ। ਤਾਰੁਸ਼ੀ, ਸੁਹਾਵੀ, ਜ਼ੋਇਲ, ਰੌਸ਼ਨੀ ਨੇ ਕੱਥਕ ਨ੍ਰਿਤ ਪੇਸ਼ ਕੀਤਾ; ਮਰੀਨਲ, ਦਕਸ਼, ਨਾਇਰਾ ਨੇ ਬਾਲੀਵੁੱਡ ਡਾਂਸ ਦੀ ਪੇਸ਼ਕਾਰੀ ਕੀਤੀ ਅਤੇ ਭੰਗੜੇ ਦੀ ਪੇਸ਼ਕਾਰੀ ਸਮਰ, ਗੁਨਵ, ਵਾਰਿਸ, ਕਾਬੀਰ, ਆਵੀਰ, ਲਿਆਂਨ, ਅਮਾਇਰਾ, ਅਸਰੀਤ, ਮੇਹਰ, ਮਾਧਵ, ਆਰਵ, ਏਕਨਾਮ, ਏਕਰੂਪ, ਹਰਸੀਰਤ, ਪਾਹੁਲ ਅਤੇ ਜਪਨੂਰ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਇਸ ਮੌਕੇ ਇਸ਼ਮੀਤ ਸਿੰਘ ਦੇ ਪਿਤਾ ਜੀ ਸ੍ਰ. ਗੁਰਪਿੰਦਰ ਸਿੰਘ ਹੁਰਾਂ ਨੇ ਸੰਗੀਤ ਵਿਭਾਗ ਵਲੋਂ ਦਿਲ ਖਿੱਚਵੀਆਂ ਪੇਸ਼ਕਾਰੀਆਂ ਵਿਚ ਗਾਏ ਹੋਏ ਗੀਤਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਉਘੇ ਯੂ.ਟਿਊਬਰ ਸਟਾਰ ਸ੍ਰ. ਮੁਖਵਿੰਦਰ ਸਿੰਘ, ਗੁਰਮੀਤ ਸਿੰਘ ਕੋਚਰ, ਜਗਦੇਵ ਸਿੰਘ ਸੰਧੂ, ਜੋਗਿੰਦਰ ਸਿੰਘ ਭੁੱਲਰ, ਆਫਰੀਨ ਤੋਂ ਕਰਨਜੀਤ ਲਾਂਬਾ ਅਤੇ ਆਰ.ਪੀ ਸ਼ੋਰੀ, ਹਰਪਾਲ ਸਿੰਘ ਮਾਂਗਟ ਅਤੇ ਸਿਖਿਆਰਥੀਆਂ ਦੇ ਮਾਤਾ ਪਿਤਾ ਅਤੇ ਹੋਰ ਪਤਵੰਤੇ ਪੁੱਜੇ।

ਮਿਸਿੑ ਸ਼ੀਤਲ ਸ਼ਰਮਾ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਇਹ ਸੰਗੀਤਕ ਸ਼ਾਮ ਸਰੋਤਿਆਂ ਦੇ ਮਨਾਂ ਵਿਚ ਯਾਦਗਾਰ ਹੋ ਨਿਬੜੀ।