ਪੰਜਾਬ’ਚ ਮੀਟਰ ਰੀਡਿੰਗ ਘੋਟਾਲਾ: PSPCL ਚੀਫ਼ ਨੇ 40 ਕਰਮਚਾਰੀਆਂ ਦੀ ਆਈ.ਡੀ. ਕੀਤੀ ਬਲੌਕ 

ਨਿਊਜ਼ ਪੰਜਾਬ

11 ਦਸੰਬਰ 2025

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟ੍ਰਲ ਜ਼ੋਨ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਮੀਟਰਾਂ ਦੀ ਰੀਡਿੰਗ ਦੌਰਾਨ ਸਰਕਾਰੀ ਸਾਫਟਵੇਅਰ ਨਾਲ ਛੇੜਛਾੜ ਕਰਨ ਵਾਲੇ ਲਗਭਗ 40 ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮੀਟਰ ਰੀਡਰਾਂ ਦੀ ਆਈ.ਡੀ. ਬਲੌਕ ਕਰ ਦਿੱਤੀ ਹੈ।

ਚੀਫ਼ ਇੰਜੀਨੀਅਰ ਹੰਸ ਵੱਲੋਂ ਪਾਵਰਕੌਮ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਸਾਰੇ ਡਿਵੀਜ਼ਨਾਂ—ਸੁੰਦਰ ਨਗਰ, ਸੀ.ਐੱਮ.ਸੀ. ਡਿਵੀਜ਼ਨ, ਸਿਟੀ ਸੈਂਟਰ, ਫੋਕਲ ਪਾਇੰਟ, ਅਗਰ ਨਗਰ, ਸਟੇਟ ਡਿਵੀਜ਼ਨ, ਮਾਡਲ ਟਾਊਨ, ਜਨਤਾ ਨਗਰ, ਸਿਟੀ ਵੇਸਟ, ਖੰਨਾ, ਦੋਰਾਹਾ, ਸਰਹਿੰਦ, ਅਮਲੋਹ, ਮੰਡੀ ਅਹਿਮਦਗੜ੍ਹ, ਲਲਤੋਂ, ਜਗਰਾਂ, ਰਾਇਕੋਟ, ਮੁੱਲਾਂਪੁਰ ਦਾਖਾ ਆਦਿ ਇਲਾਕਿਆਂ ਦੇ ਐਕਸਿਅਨ ਸਾਹਿਬਾਨ ਨੂੰ ਹਿਦਾਇਤ ਦਿੱਤੀ ਹੈ ਕਿ ਮੀਟਰ ਰੀਡਰਾਂ ਦੀ ਸਰਕਾਰੀ ਆਈ.ਡੀ. ਨੂੰ ਬੰਦ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਜਾਂਚ ਵਿੱਚ ਪਤਾ ਲੱਗਾ ਕਿ ਬਿਜਲੀ ਮੀਟਰ ਰੀਡਰਾਂ ਨੇ ਸੋਚ-ਵਿਚਾਰ ਕੇ ਕੀਤੀ ਸਾਜ਼ਿਸ਼ ਦੇ ਤਹਿਤ ਪਾਵਰਕਾਮ ਵਿਭਾਗ ਦੀ ਉੱਚ ਸਤਰ ਦੀ O.R.C. ਸਕੈਨਿੰਗ ਐਪ ਤਕਨਾਲੋਜੀ ਦੀ ਬਜਾਏ ਮੈਨੂਅਲ ਜਾਂ ਸਾਫਟਵੇਅਰ ਨਾਲ ਛੇੜਛਾੜ ਕਰਕੇ ਯੂਜ਼ਰਸ ਨੂੰ ਝੂਠੇ 0 ਰਕਮ ਦੇ ਬਿੱਲ ਜਾਰੀ ਕੀਤੇ ਗਏ।