ਵਾਸ਼ਿੰਗਟਨ ਗੋਲੀਕਾਂਡ ਤੋਂ ਬਾਅਦ ਟਰੰਪ ਪ੍ਰਸ਼ਾਸਨ ਵੱਲੋਂ 85,000 ਵੀਜ਼ੇ ਰੱਦ, ਸੁਰੱਖਿਆ ਜਾਂਚ ਹੋਈ ਸਖ਼ਤ

ਨਿਊਜ਼ ਪੰਜਾਬ

10 ਦਸੰਬਰ 2025

ਅਮਰੀਕਾ ਦੇ ਵਾਸ਼ਿੰਗਟਨ ਵਿੱਚ ਹੋਏ ਗੋਲੀਕਾਂਡ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦੇ ਹੋਏ ਇਸ ਸਾਲ ਕਈ ਸ਼੍ਰੇਣੀਆਂ ਵਿੱਚ 85,000 ਵੀਜ਼ੇ ਰੱਦ ਕਰ ਦਿੱਤੇ ਹਨ। ਇੱਕ ਸੀਨੀਅਰ ਸਟੇਟ ਡਿਪਾਰਟਮੈਂਟ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਅਮਰੀਕੀ ਭਾਈਚਾਰਿਆਂ ਦੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਮਾਪਦੰਡਾਂ ਨੂੰ ਲਾਗੂ ਕਰਨ ਲਈ ਕੀਤੀ ਗਈ ਹੈ।

ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ, “ਅਸੀਂ ਸਾਰੀਆਂ ਸ਼੍ਰੇਣੀਆਂ ਦੇ 85,000 ਵੀਜ਼ੇ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿੱਚ 8,000 ਤੋਂ ਵੱਧ ਵਿਦਿਆਰਥੀ ਸ਼ਾਮਲ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹਨ।”

ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਜਾਣਕਾਰੀ ਦਿੱਤੀ, “ਵੀਜ਼ੇ ਰੱਦ ਕਰਨ ਦਾ ਕਾਰਨ ਅਮਰੀਕੀ ਲੋਕਾਂ ‘ਤੇ ਹਮਲੇ, ਚੋਰੀ ਅਤੇ ਹੋਰ ਕਈ ਅਪਰਾਧਾਂ ਵਿੱਚ ਬਾਹਰੀ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਉਣਾ ਹੈ। ਇਹ ਅਜਿਹੇ ਲੋਕ ਹਨ ਜੋ ਸਾਡੇ ਭਾਈਚਾਰਿਆਂ ਦੀ ਸੁਰੱਖਿਆ ਲਈ ਸਿੱਧਾ ਖ਼ਤਰਾ ਹਨ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਨਹੀਂ ਰੱਖਣਾ ਚਾਹੁੰਦੇ।”