ਫਾਜ਼ਿਲਕਾ ’ਚ ਵੱਡੀ ਕਾਰਵਾਈ:ਪੁਲਿਸ ਅਤੇ BSF ਨੇ 1 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰ ਕਾਬੂ

ਨਿਊਜ਼ ਪੰਜਾਬ

5 ਦਸੰਬਰ 2025

ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਵੱਡੀ ਕਰਵਾਈ ਕਰਦਿਆਂ 1 ਕਿਲੋ ਹੈਰੋਇਨ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਡੀਐਸਪੀ ਦੀਪਇੰਦਰਪਾਲ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਥਾਣਾ ਸਦਰ ਜਲਾਲਾਬਾਦ ਅਧੀਨ ਪਿੰਡ ਚੱਕ ਗਰੀਬਾ ਸਾਂਦੜ ਪਾਸ ਪੁਲਿਸ ਟੀਮ ਅਤੇ ਬੀ.ਐਸ.ਐਫ 65 ਬਟਾਲੀਅਨ ਬੀ.ਓ.ਪੀ ਟਾਹਲੀਵਾਲਾ ਦੇ ਕੰਪਨੀ ਕਮਾਂਡਰ ਦੀ ਅਗੁਵਾਈ ‘ਚ ਬੀ.ਐਸ.ਐਫ ਦੀ ਟੀਮ ਸਮੇਤ ਟੀ-ਪੁਆਇੰਟ ਢਾਣੀ ਮਾਂਘ ਸਿੰਘ ‘ਤੇ ਨਾਕਾਬੰਦੀ ਕੀਤੀ ਹੋਈ ਸੀ।

ਨਾਕਾਬੰਦੀ ਦੌਰਾਨ ਟਾਹਲੀਵਾਲਾ ਦੀ ਤਰਫੋਂ ਇੱਕ ਮੋਟਰਸਾਈਕਲ ਬਜਾਜ ਡਿਸਕਵਰ ਨੰਬਰ ਪੀ.ਬੀ-22ਜੀ-0379 ਆਉਂਦਾ ਦਿਖਾਈ ਦਿੱਤਾ। ਜਿਸ ‘ਤੇ ਤਿੰਨ ਵਿਅਕਤੀ ਸਵਾਰ ਸਨ। ਜੋ ਨਾਕਾਬੰਦੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗੇ। ਜਿਹਨਾਂ ਨੂੰ ਸ਼ੱਕ ਦੇ ਅਧਾਰ ‘ਤੇ ਕਾਬੂ ਕਰਕੇ ਉਹਨਾਂ ਕੋਲੋਂ ਮੌਜੂਦ ਮੋਮੀ ਲਿਫਾਫੇ ਵਿੱਚੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ।