ਪੀ.ਏ.ਯੂ. ਵਿਖੇ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਭੇਟ ਕੀਤਾ ਗਿਆ ਸਿੱਜਦਾ

ਹਰਪ੍ਰੀਤ ਸਿੰਘ ਸੰਧੂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਮਾਰਗ ਬਾਰੇ ਲਿਖੀ ਕਿਤਾਬ ਹੋਈ ਸੰਗਤ ਅਰਪਿਤ

###################

ਲੁਧਿਆਣਾ 14 ਨਵੰਬਰ, 2025 –  ( ਆਰ ਐਸ ਖ਼ਾਲਸਾ ) ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਇਕ ਵਿਸ਼ੇਸ਼ ਰੂਹਾਨੀ ਸਮਾਗਮ ਅੱਜ ਪੀ.ਏ.ਯੂ. ਦੇ ਗੁਰਦੁਆਰਾ ਸਿੰਘ ਸਭਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ|

ਇਸ ਸਮਾਗਮ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਸ਼ੂ ਜੈਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ| ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਲਈ ਕੁਰਬਾਨ ਹੋਣ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਕਾਇਮ ਰੱਖਣ ਦੀ ਮਿਸਾਲ ਹੈ| ਉਹਨਾਂ ਨੇ ਅਜੋਕੇ ਦੌਰ ਵਿਚ ਇਸ ਸ਼ਹਾਦਤ ਕੋਲੋਂ ਸਿੱਖਿਆ ਲੈਣ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਮਨੁੱਖੀ ਗੈਰਤ ਬਰਕਰਾਰ ਰੱਖਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ| ਡਾ. ਗੋਸਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਦਰਵੇਸ਼ੀ ਦੀ ਉਦਾਹਰਣ ਹੈ ਅਤੇ ਉਹਨਾਂ ਦੀ ਬਾਣੀ ਵੈਰਾਗ ਅਤੇ ਗੁਰਮਤਿ ਦਾ ਸਦੀਵੀ ਸੰਦੇਸ਼ ਮਨੁੱਖ ਮਨ ਨੂੰ ਦੇ ਕੇ ਨਿਰਭੈ ਹੋਣ ਦਾ ਸੰਕੇਤ ਦਿੰਦੀ ਹੈ|

ਡਿਪਟੀ ਕਮਿਸ਼ਨਰ ਸ਼੍ਰੀ ਹਿਮਾਸ਼ੂ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਂਦੇ ਦਿਨੀਂ ਇਸ ਸੰਦਰਭ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਹਵਾਲਾ ਦਿੱਤਾ| ਉਹਨਾਂ ਕਿਹਾ ਕਿ ਇਤਿਹਾਸ ਨਾਲ ਵਰਤਮਾਨ ਨੂੰ ਜੋੜਨ ਲਈ ਅਜਿਹੇ ਸਮਾਗਮ ਮਨੁੱਖ ਅੱਗੇ ਸਿੱਖਿਆ ਵਜੋਂ ਕਾਇਮ ਰਹਿੰਦੇ ਹਨ| ਉਹਨਾਂ ਨੇ ਆਉਂਦੇ ਦਿਨੀਂ ਪੀ.ਏ.ਯੂ. ਵਿਚ ਅਵਾਜ਼ ਅਤੇ ਰੌਸ਼ਨੀ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ|

ਇਸ ਮੌਕੇ ਪੰਜਾਬ ਦੇ ਸੂਚਨਾ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੰਧੂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਮਾਰਗ ਬਾਰੇ ਲਿਖੀ ਕਿਤਾਬ ਨੂੰ ਲੋਕ ਅਰਪਿਤ ਕੀਤਾ ਗਿਆ|

ਇਸ ਸਮਾਰੋਹ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਰੂਹਾਨੀ ਬਾਣੀ ਦੇ ਪਾਠ ਉਪਰੰਤ ਭਾਈ ਨਿਰਭੈ ਸਿੰਘ ਦੇ ਹਜ਼ੂਰੀ ਕੀਰਤਨੀ ਜੱਥੇ ਵੱਲੋਂ ਗੁਰੂ ਮਹਿਮਾ ਦਾ ਗਾਇਨ ਕੀਤਾ ਗਿਆ| ਇਸ ਮੌਕੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਵਿਸ਼ੇਸ਼ ਖੂਨਦਾਨ ਕੈਂਪ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦਯਾਨੰਦ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ|

ਮਾਣਯੋਗ ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜੀ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅੰਤ ਵਿਚ ਗੁਰੂ ਕਾ ਅਤੁੱਟ ਲੰਗਰ ਵੀ ਸੰਗਤਾਂ ਨੂੰ ਵਰਤਾਇਆ ਗਿਆ|