ਕੇਦਾਰਨਾਥ ਧਾਮ ਦੇ ਦਰਵਾਜ਼ੇ ਸਰਦੀਆਂ ਲਈ ਬੰਦ, ਬਾਬਾ ਦੀ ਪਾਲਕੀ ਉਖੀਮਠ ਰਵਾਨਾ

ਨਿਊਜ਼ ਪੰਜਾਬ

23 ਅਕਤੂਬਰ,2025

ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਸਥਿਤ ਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ ਹਨ। ਬਾਬਾ ਦੀ ਵਿਦਾਈ ਦੌਰਾਨ ਫ਼ੌਜ ਦੇ ਬੈਂਡ ਨੇ ਰਵਾਇਤੀ ਧੁਨਾਂ ਵਜਾਈਆਂ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਇਸ ਪਵਿੱਤਰ ਪਲ ਨੂੰ ਦੇਖਣ ਲਈ ਮੰਦਰ ਪਹੁੰਚੇ।

ਬਾਬਾ ਦੀ ਪਾਲਕੀ ਕੇਦਾਰਨਾਥ ਮੰਦਰ ਤੋਂ ਪੈਦਲ 55 ਕਿਲੋਮੀਟਰ ਦੀ ਯਾਤਰਾ ਤੈਅ ਕਰੇਗੀ ਅਤੇ 25 ਅਕਤੂਬਰ ਨੂੰ ਉਖੀਮਠ ਪਹੁੰਚੇਗੀ। ਇਥੇ ਬਾਬਾ ਅਗਲੇ ਛੇ ਮਹੀਨਿਆਂ ਲਈ ਆਪਣੇ ਸਰਦੀਆਂ ਦੇ ਆਸਣ, ਓਂਕਾਰੇਸ਼ਵਰ ਮੰਦਰ ਵਿਚ ਨਿਵਾਸ ਕਰਨਗੇ। ਸ਼ਰਧਾਲੂ 25 ਅਕਤੂਬਰ ਤੋਂ ਓਂਕਾਰੇਸ਼ਵਰ ਮੰਦਰ ਵਿਚ ਵੀ ਬਾਬਾ ਦੇ ਦਰਸ਼ਨ ਕਰ ਸਕਣਗੇ।ਇਸ ਸਾਲ 2 ਮਈ ਨੂੰ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹ ਗਏ ਸਨ ਤੇ ਹੁਣ ਤੱਕ ਲੱਖਾਂ ਹੀ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ। 2013 ਦੀ ਆਫ਼ਤ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਯਾਤਰਾ ਕੀਤੀ ਹੈ।