ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਜੱਦੀ ਪਿੰਡ ਪੋਨਾ ‘ਚ ਹੋਵੇਗਾ ਅੱਜ

ਨਿਊਜ਼ ਪੰਜਾਬ

9 ਅਕਤੂਬਰ 2025

ਪੰਜਾਬੀ ਸੰਗੀਤ ਜਗਤ ਨੂੰ ਸੋਗ ਵਿੱਚ ਛੱਡ ਗਏ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਲੁਧਿਆਣਾ ਵਿਖੇ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਤੋਂ ਲਗਭਗ 30 ਮੀਟਰ ਦੀ ਦੂਰੀ ‘ਤੇ ਕੀਤਾ ਜਾਵੇਗਾ। ਉੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ।

ਜਵੰਦਾ ਨੇ ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਨੇ ਕੱਲ੍ਹ ਰਾਤ 10:55 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਹਸਪਤਾਲ ਨੇ ਆਪਣੇ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਦੇਹਾਂਤ ਮਲਟੀ ਆਰਗਨ ਫੇਲੀਅਰ ਕਾਰਨ ਹੋਇਆ।

ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਮੋਹਾਲੀ ਦੇ ਸੈਕਟਰ-71 ਸਥਿਤ ਘਰ ਲਿਜਾਇਆ ਗਿਆ, ਜਿੱਥੇ ਪਰਿਵਾਰਕ ਮੈਂਬਰਾਂ— ਮਾਤਾ, ਪਤਨੀ ਅਤੇ ਬੱਚਿਆਂ— ਨੇ ਆਖਰੀ ਦਰਸ਼ਨ ਕੀਤੇ। ਇਸ ਉਪਰੰਤ, ਮ੍ਰਿਤਕ ਦੇਹ ਦਾ ਪੋਸਟਮਾਰਟਮ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ।ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਸ਼ਾਮ ਵੇਲੇ ਹੀ ਜੱਦੀ ਪਿੰਡ ਪੋਨਾ ਪਹੁੰਚਾ ਦਿੱਤਾ ਗਿਆ। ਉਨ੍ਹਾਂ ਦੀ ਦੇਹ ਨੂੰ ਇਸ ਸਮੇਂ ਜੱਦੀ ਘਰ ਵਿੱਚ ਰੱਖਿਆ ਗਿਆ ਹੈ ਅਤੇ ਅੱਜ ਸਵੇਰ ਤੋਂ ਹੀ ਅੰਤਿਮ ਦਰਸ਼ਨਾਂ ਲਈ ਖੁੱਲ੍ਹਾ ਰੱਖਿਆ ਗਿਆ ਹੈ। ਆਪਣੇ ਹਰਮਨ ਪਿਆਰੇ ਗਾਇਕ ਨੂੰ ਅੰਤਿਮ ਵਿਦਾਈ ਦੇਣ ਲਈ ਦੋਸਤਾਂ, ਰਿਸ਼ਤੇਦਾਰਾਂ ਅਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ।