ਅੰਮ੍ਰਿਤਸਰ’ਚ BRTS ਸਟੇਸ਼ਨ ਦੇ ਲੈਂਟਰ ਨਾਲ ਪ੍ਰਾਈਵੇਟ ਬੱਸ ਦੀ ਟੱਕਰ, 3 ਦੀ ਮੌਕੇ ‘ਤੇ ਮੌਤ, ਇੱਕ ਦੀ ਹਾਲਤ ਗੰਭੀਰ

ਨਿਊਜ਼ ਪੰਜਾਬ

7 ਅਕਤੂਬਰ 2025

ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਖੇਤਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ ਤਿੰਨ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਸ਼ਰਧਾਲੂ  ਮੁਕਤਸਰ ਸਾਹਿਬ ਤੋਂ ਅੰਮ੍ਰਿਤਸਰ ਬਾਬਾ ਬੁੱਢਾ ਸਾਹਿਬ  ਗੁਰਦੁਆਰਾ ਸਾਹਿਬ ਦੇ ਦਰਸ਼ਨਾ ਲਈ ਗਏ ਸੀ , ਜਦੋਂ ਬੱਸ ਸ਼ਰਧਾਲੂਆਂ ਨੂੰ ਵਾਪਸ ਲੈ ਜਾ ਰਹੀ ਸੀ, ਤਦ ਡਰਾਈਵਰ ਨੇ ਬੱਸ ਨੂੰ ਬੀ.ਆਰ.ਟੀ.ਐਸ. ਲੇਨ ਵਿੱਚ ਤੇਜ਼ੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ। ਬੱਸ ਦੀ ਛੱਤ ’ਤੇ ਕਰੀਬ 15 ਯਾਤਰੀ ਬੈਠੇ ਸਨ, ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਅੱਗੇ ਲੈਂਟਰ ਆ ਰਿਹਾ ਹੈ। ਛੱਤ ’ਤੇ ਬੈਠੇ ਯਾਤਰੀ ਲੈਂਟਰ ਨਾਲ ਟਕਰਾ ਗਏ, ਜਿਸ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਹਾਦਸੇ ਤੋਂ ਬਾਅਦ ਵੀ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਅਤੇ ਉਹ ਬੱਸ ਚਲਾਉਂਦਾ ਰਿਹਾ। ਹਾਲਾਂਕਿ, ਇੱਕ ਚਸ਼ਮਦੀਦ ਕਾਰ ਡਰਾਈਵਰ ਨੇ ਬੱਸ ਡਰਾਈਵਰ ਨੂੰ ਹਾਦਸੇ ਬਾਰੇ ਦੱਸਿਆ, ਜਿਸ ਤੋਂ ਬਾਅਦ ਬੱਸ ਨੂੰ ਰੋਕਿਆ ਗਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।