ਨਿਊਜ਼ ਪੰਜਾਬ
2 ਅਕਤੂਬਰ 2025
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਆਈਲੈਂਡ ਸਥਿਤ ਘਰ ‘ਤੇ ਪਿਛਲੇ ਸਾਲ ਹੋਏ ਹਮਲੇ ਦੇ ਮਾਮਲੇ ਵਿੱਚ ਕੈਨੇਡਾ ਦੀ ਅਦਾਲਤ ਨੇ ਸਖ਼ਤ ਫੈਸਲਾ ਸੁਣਾਇਆ ਹੈ। ਕੋਰਟ ਨੇ 26 ਸਾਲਾ ਦੋਸ਼ੀ ਅਬਜੀਤ ਕਿੰਗਰਾ ਨੂੰ 6 ਸਾਲ ਕੈਦ ਦੀ ਸਜ਼ਾ ਦਿੱਤੀ ਹੈ|ਅਦਾਲਤ ਨੇ ਕਿੰਗਰਾ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਅੱਗ ਲਗਾਉਣ ਅਤੇ ਕਿਸੇ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਜਾਂ ਜਾਣ-ਬੁੱਝ ਕੇ ਬੰਦੂਕ ਚਲਾਉਣ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਸੀ।
ਸਜ਼ਾ ਸੁਣਾਉਣ ਸਮੇਂ ਜੱਜ ਨੇ ਨੋਟ ਕੀਤਾ ਕਿ ਅਬਜੀਤ ਕਿੰਗਰਾ ਦਾ ਭਾਰਤ ਦੇ ਇੱਕ ਨਾਮੀ ਗੈਂਗ ਨਾਲ ਸਬੰਧ ਸੀ ਅਤੇ ਉਸਨੂੰ ਕੈਨੇਡਾ ਵਿੱਚ ਅਪਰਾਧਿਕ ਕਾਰਵਾਈਆਂ ਕਰਨ ਲਈ ਹੁਕਮ ਦਿੱਤਾ ਗਿਆ ਸੀ।ਕਿੰਗਰਾ ਨੂੰ ਸੁਣਾਈਆਂ ਗਈਆਂ ਦੋ ਵੱਖ-ਵੱਖ ਸਜ਼ਾਵਾਂ (ਦੋ ਸਾਲ ਅਤੇ ਛੇ ਸਾਲ) ਇਕੱਠੀਆਂ ਕੱਟੀਆਂ ਜਾਣਗੀਆਂ।ਜੇਲ੍ਹ ਵਿੱਚ ਬਿਤਾਏ ਸਮੇਂ ਨੂੰ ਕੱਟਣ ਤੋਂ ਬਾਅਦ, ਉਸਨੂੰ ਅਜੇ ਲਗਭਗ 4.5 ਸਾਲ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ।ਇਸ ਤੋਂ ਇਲਾਵਾ, ਅਦਾਲਤ ਨੇ ਕਿੰਗਰਾ ‘ਤੇ ਜ਼ਿੰਦਗੀ ਭਰ ਲਈ ਹਥਿਆਰ ਰੱਖਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਹਮਲਾ ਪਿਛਲੇ ਸਾਲ 2 ਸਤੰਬਰ, 2024 ਦੀ ਸਵੇਰ ਨੂੰ ਵਿਕਟੋਰੀਆ ਦੇ ਪੱਛਮ ਵੱਲ ਕੋਲਵੁਡ ਇਲਾਕੇ ਵਿੱਚ ਹੋਇਆ ਸੀ। ਹਮਲਾਵਰਾਂ ਨੇ ਏਪੀ ਢਿੱਲੋਂ ਦੇ ਘਰ ‘ਤੇ ਦਰਜਨਾਂ ਗੋਲੀਆਂ ਚਲਾਈਆਂ ਸਨ ਅਤੇ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਹਮਲੇ ਤੋਂ ਲਗਭਗ ਦੋ ਮਹੀਨੇ ਬਾਅਦ, ਵਿਨੀਪੈਗ ਦੇ ਅਬਜੀਤ ਕਿੰਗਰਾ ਨੂੰ ਓਂਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
